ਅਪਡੇਟ ਦਾ ਸਮਾਂ :
240
ਸੁਰਿੰਦਰ ਸਿੰਘ ਤੇਜ
ਅਜ਼ੀਮ ਸ਼ਖ਼ਸੀਅਤ ਸੀ ਗਿਰੀਸ਼ ਕਰਨਾਡ। ਪੰਜ ਭਾਸ਼ਾਵਾਂ ਦਾ ਗਿਆਨੀ, ਭਾਰਤੀ ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ, ਚਾਰ ਕੌਮੀ ਐਵਾਰਡ ਜਿੱਤਣ ਵਾਲਾ ਫਿਲਮਸਾਜ਼, ਰੰਗਮੰਚ ਦੇ ਖੇਤਰ ਦੀ ਨਾਮਵਰ ਹਸਤੀ, ਮਿਥਿਹਾਸ ਤੇ ਇਤਿਹਾਸ ਨੂੰ ਆਧੁਨਿਕਤਾ ਦੀ ਰੰਗਤ ਦੇਣ ਦਾ ਮਾਹਿਰ, ਅਦਾਕਾਰੀ ਦਾ ਮਹਾਰਥੀ, ਨਿਪੁੰਨ ਅਨੁਵਾਦਕ, ਕੁਸ਼ਲ ਪ੍ਰਸ਼ਾਸਕ ਅਤੇ ਰਾਜਸੀ-ਸਮਾਜਿਕ ਕੁਪ੍ਰਥਾਵਾਂ ਤੇ ਨਾਇਨਸਾਫ਼ੀਆਂ ਖਿਲਾਫ਼ ਪ੍ਰਚੰਡ ਆਵਾਜ਼ ਉਠਾਉਣ ਵਾਲਾ ਕਾਰਕੁਨ। ਹਰ ਰੂਪ, ਹਰ ਅਵਤਾਰ ਵਿਚ ਨਿਵੇਕਲੀ ਛਾਪ ਛੱਡਣ ਵਾਲਾ ਇਨਸਾਨ ਸੀ ਉਹ।
ਜਨਮ ਤੇ ਜ਼ੱਦ ਤੋਂ ਉਹ ਮਰਾਠੀ ਸੀ, ਕੋਂਕਣੀ ਸਾਰਸਵਤ ਬ੍ਰਾਹਮਣ। ਕੋਂਕਣੀ-ਮਰਾਠੀ ਉਸ ਦੇ ਘਰ ਵਿਚ ਬੋਲੀ ਜਾਂਦੀ ਸੀ, ਪਰ ਧਾਰਵਾੜ ਖ਼ਿੱਤੇ ਵਿਚ ਪਰਵਰਿਸ਼ ਤੇ ਸਕੂਲੀ ਸਿੱਖਿਆ ਹੋਣ ਕਰਕੇ ਉਹ ਕੰਨੜ ਵਿਚ ਵੀ ਪੂਰਾ ਪ੍ਰਬੀਨ ਸੀ। ਅੰਗਰੇਜ਼ੀ-ਹਿੰਦੀ ਉੱਤੇ ਪਕੜ ਵੀ ਘੱਟ ਨਹੀਂ ਸੀ। ਮਿਥਿਹਾਸ ਵਿਚ ਰੁਚੀ ਕਾਰਨ ਸੰਸਕ੍ਰਿਤ ਦਾ ਗਿਆਨ ਵੀ ਉਸ ਨੇ ਗ੍ਰਹਿਣ ਕੀਤਾ। ਫਿਰ ਜਿਸ ਹਸਤੀ (ਸਰਸਵਤੀ ਗਣਪਤੀ) ਨੂੰ ਉਸ ਨੇ ਆਪਣਾ ਹਮਰਾਹ ਤੇ ਹਮਸਫ਼ਰ ਬਣਾਇਆ, ਉਹ ਵੀ ਅੰਗਰੇਜ਼ੀ, ਮਲਿਆਲਮ, ਤਮਿਲ, ਗੁਜਰਾਤ ਤੇ ਕੋੜਾਵਾ-ਟੱਕ (ਕੁਰਗੀ ਜ਼ੁਬਾਨ) ਦੀ ਚੰਗੀ ਗਿਆਤਾ ਸੀ। ਮੁੱਢ ਵਿਚ ਕਰਨਾਡ ਨੇ ਅੰਗਰੇਜ਼ੀ ਵਿਚ ਲਿਖਣਾ ਸ਼ੁਰੂ ਕੀਤਾ, ਪਰ ਕੰਨੜ ਸਾਹਿਤ ਵਿਚ 1960ਵਿਆਂ ਦੌਰਾਨ ਚੱਲੀ ਨਵ-ਜਾਗਰਣ ਲਹਿਰ ਤੇ ਖ਼ਾਸ ਕਰਕੇ ਨਾਮਵਰ ਲੇਖਕ ਵੀ.ਕੇ. ਗੋਕਾਕ ਤੋਂ ਪ੍ਰਭਾਵਿਤ ਹੋ ਕੇ ਕੰਨੜ ਨੂੰ ਆਪਣੇ ਲੇਖਣ ਦਾ ਮੁੱਖ ਮਾਧਿਅਮ ਬਣਾਇਆ। ਇਸੇ ਲਈ ਉਸ ਦਾ ਪਹਿਲਾ ਨਾਟਕ ‘ਯਯਾਤੀ’ ਕੰਨੜ ਵਿਚ 1961 ’ਚ ਪ੍ਰਕਾਸ਼ਿਤ ਹੋਇਆ। ਉਦੋਂ ਉਸ ਦੀ ਉਮਰ 23 ਵਰ੍ਹੇ ਦੀ ਸੀ। ‘ਯਯਾਤੀ’ ਦੀ ਕਥਾ ਉਸ ਨੇ ਸੀ. ਰਾਜਗੋਪਾਲਾਚਾਰੀ (ਰਾਜਾ ਜੀ) ਵੱਲੋਂ ਅੰਗਰੇਜ਼ੀ ਵਿਚ ਲਿਖਿਤ ‘ਮਹਾਂਭਾਰਤ’ ਦੇ ਯਯਾਤੀ ਬਾਰੇ ਕਾਂਡ ਤੋਂ ਪ੍ਰਭਾਵਿਤ ਹੋ ਕੇ ਪੜ੍ਹੀ ਅਤੇ ਇਸ ਨੂੰ ਫਿਰ ਅਜੋਕੇ ਸਮੇਂ ਮੁਤਾਬਿਕ ਪ੍ਰਸੰਗਿਕ ਬਣਾਇਆ। ਇਸ ਨਾਟਕ ਨੂੰ ਮਿਲੇ ਹੁੰਗਾਰੇ ਤੋਂ ਬਾਅਦ ‘ਹਯਾਵਦਨ’, ‘ਤੁਗ਼ਲਕ’, ‘ਨਾਗਮੰਡਲਾ’ ਤੇ ਹੋਰ ਨਾਟ-ਰਚਨਾਵਾਂ ਵਜੂਦ ਵਿਚ ਆਈਆਂ। ਇਨ੍ਹਾਂ ਨਾਟ-ਰਚਨਾਵਾਂ ਦਾ ਪ੍ਰਭਾਵ ਸਿਰਫ਼ ਕੰਨੜ ਜਗਤ ਤਕ ਸੀਮਤ ਨਹੀਂ ਰਿਹਾ, ਸਗੋਂ ਹੋਰਨਾਂ ਭਾਰਤੀ ਭਾਸ਼ਾਵਾਂ (ਪੰਜਾਬੀ ਸਮੇਤ) ਅਤੇ ਅੰਗਰੇਜ਼ੀ ਤੇ ਹੋਰ ਆਲਮੀ ਜ਼ੁਬਾਨਾਂ ਤਕ ਵੀ ਪਹੁੰਚਿਆ। ‘ਤੁਗ਼ਲਕ’ ਨੂੰ ਕਰਨਾਡ ਦਾ ਸਭ ਤੋਂ ਵੱਧ ਰਾਜਸੀ ਛੋਹਾਂ ਵਾਲਾ ਨਾਟਕ ਮੰਨਿਆ ਜਾਂਦਾ ਹੈ। ਇਹ ਨਾਟਕ ਪੰਡਤ ਨਹਿਰੂ ਦੀਆਂ ਅਹਿਮਕਾਈਆਂ ਵੱਲ ਸੰਜੀਦਾ ਇਸ਼ਾਰਾ ਹੈ।
ਬੜੀ ਪੜ੍ਹੀ-ਲਿਖੀ ਹਸਤੀ ਸੀ ਕਰਨਾਡ। ਅੰਗਰੇਜ਼ੀ ਸਾਹਿਤ ਵਿਚ ਰੁਚੀ ਕਾਰਨ ਡਬਲਿਊ.ਐੱਚ. ਔਡੇਨ ਤੇ ਟੀ.ਐੱਸ. ਇਲੀਅਟ ਦਾ ਕੱਟੜ ਪ੍ਰਸ਼ੰਸਕ, ਗਣਿਤ ਦਾ ਪੋਸਟ ਗਰੈਜੂਏਟ, ਪਰ ਕਲਾਵਾਂ ਦਾ ਸ਼ੈਦਾਈ। ਫਿਰ ਔਕਸਫੋਰਡ ਵਿਚ ਰੋਡਜ਼ ਸਕਾਲਰ। ਪੇਸ਼ੇਵਰ ਜ਼ਿੰਦਗੀ ਔਕਸਫੋਰਡ ਯੂਨੀਵਰਸਿਟੀ ਪ੍ਰੈਸ (ਓ.ਯੂ.ਪੀ.) ਦੀ ਮਦਰਾਸ ਸ਼ਾਖਾ ਦੇ ਜਨਰਲ ਮੈਨੇਜਰ ਵਜੋਂ ਸ਼ੁਰੂ ਕੀਤੀ। ਫਿਰ ਰੰਗਮੰਚ ਤੋਂ ਫਿਲਮਸਾਜ਼ੀ ਆਰੰਭੀ। 1974 ਤੋਂ 1976 ਤਕ ਪੁਣੇ ਸਥਿਤ ਭਾਰਤੀ ਫਿਲਮ ਤੇ ਟੈਲੀਵਿਜ਼ਨ ਟਰੇਨਿੰਗ ਇੰਸਟੀਟਿਊਟ (ਐਫ.ਟੀ.ਟੀ.ਆਈ.) ਦਾ ਡਾਇਰੈਕਟਰ ਰਿਹਾ। ਇਸ ਤੋਂ ਬਾਅਦ ਭਾਰਤੀ ਸੰਗੀਤ ਨਾਟਕ ਅਕੈਡਮੀ ਅਤੇ ਫਿਰ ਨੈਸ਼ਨਲ ਅਕੈਡਮੀ ਆਫ਼ ਪਰਫਾਰਮਿੰਗ ਆਰਟਸ (ਐਨ.ਪੀ.ਏ.) ਦੇ ਚੇਅਰਮੈਨ ਵਾਲੀਆਂ ਜ਼ਿੰਮੇਵਾਰੀਆਂ ਤਕਰੀਬਨ 10 ਵਰ੍ਹੇ ਨਿਭਾਈਆਂ। ਪਹਿਲਾਂ ‘ਪਦਮਸ਼੍ਰੀ’ ਤੇ ਫਿਰ ‘ਪਦਮ ਭੂਸ਼ਨ’ ਨਾਲ ਵਿਭੂਸ਼ਿਤ ਹੋਇਆ। ਫਿਲਮ ਅਦਾਕਾਰੀ ਪੱਟਾਬੀ ਰਾਮਨ ਵੱਲੋਂ ਨਿਰਦੇਸ਼ਿਤ ‘ਸਮਸਕਾਰਾ’ (ਸੰਸਕਾਰ; 1970) ਨਾਲ ਸ਼ੁਰੂ ਹੋਈ। ਹਿੰਦੀ ਫਿਲਮ ਜਗਤ ਵਿਚ ਪ੍ਰਵੇਸ਼ ਸ਼ਿਆਮ ਬੇਨੇਗਲ ਦੀ ‘ਨਿਸ਼ਾਂਤ’ ਨਾਲ ਹੋਇਆ। ਇਹ ਪਾਰੀ ਕਾਫ਼ੀ ਲੰਮੀ ਚੱਲੀ। ਉਸ ਨੇ ਇਕ ਪਾਸੇ ਸਮਾਨੰਤਰ ਸਿਨਮਾ ’ਚ ਕੰਮ ਕੀਤਾ, ਦੂਜੇ ਪਾਸੇ ਕਮਰਸ਼ਲ ਫ਼ਿਲਮਾਂ ਤੋਂ ਵੀ ਪਰਹੇਜ਼ ਨਹੀਂ ਕੀਤਾ। ਇਸ ਦੀ ਮਿਸਾਲ ਉਸ ਦੀਆਂ ਆਖ਼ਰੀ ਦੋ ਹਿੰਦੀ ਫਿਲਮਾਂ ‘ਏਕ ਥਾ ਟਾਈਗਰ’ (2009) ਅਤੇ ‘ਟਾਈਗਰ ਜ਼ਿੰਦਾ ਹੈ’ (2012) ਹਨ।
10 ਜੂਨ 2019 ਨੂੰ ਬੰਗਲੁਰੂ ਵਿਚ ਦੇਹਾਂਤ ਤੋਂ ਪੰਜ ਮਹੀਨੇ ਪਹਿਲਾਂ ਤੱਕ ਕਰਨਾਡ ਆਪਣੀ ਜੀਵਨ ਕਥਾ ਦੇ ਅੰਗਰੇਜ਼ੀ ਅਨੁਵਾਦ ਵਿਚ ਜੁਟਿਆ ਹੋਇਆ ਸੀ। ਇਹ ਆਤਮ-ਕਥਾ 2011 ’ਚ ਕੰਨੜ ਵਿਚ ‘ਆਦਾਦਤਾ ਆਯੁਸ਼ਿਆ’ (ਭਾਵ ਅਰਧਕਥਾਨਕ) ਦੇ ਨਾਮ ਹੇਠ ਪ੍ਰਕਾਸ਼ਿਤ ਹੋਈ ਸੀ। ਕਰਨਾਡ, ਇਸ ਨੂੰ ਅਰਧਕਥਾਨਕ ਦਾ ਨਾਮ ਦੇਣਾ ਚਾਹੁੰਦਾ ਸੀ। ਦਰਅਸਲ, ਇਹ ਨਾਮ 1641 ਵਿਚ ਆਗਰਾ ਦੇ ਇਕ ਜੈਨੀ ਵਪਾਰੀ ਬਨਾਰਸੀ ਦਾਸ ਵੱਲੋਂ ਬ੍ਰਜ ਭਾਸ਼ਾ ਵਿਚ ਲਿਖੀ ਆਤਮਕਥਾ ਦਾ ਸੀ। ਬੜੀ ਬੇਬਾਕ ਸਵੈ-ਜੀਵਨੀ ਸੀ ਉਹ। ਕਰਨਾਡ ਨੇ ਉਸ ਵਾਲੀ ਬੇਬਾਕੀ ਨੂੰ ਆਪਣਾ ਤਰਜ਼-ਇ-ਇਜ਼ਹਾਰ ਬਣਾਇਆ। ਉਂਜ, ਬੇੇਬਾਕੀ ਤੇ ਬੇਖ਼ੌਫ਼ੀ ਉਸ ਨੂੰ ਆਪਣੀ ਅਈ (ਮਾਂ) ਕ੍ਰਿਸ਼ਨਾਬਾਈ (ਮਾਨਕੀਕਰ) ਕਰਨਾਡ ਤੋਂ ਗੁੜ੍ਹਤੀ ਵਿਚ ਵੀ ਮਿਲੀ ਸੀ। ਕ੍ਰਿਸ਼ਨਾਬਾਈ ਨੇ ਆਪਣੇ ਜੀਵਨ-ਕਾਲ ਦੌਰਾਨ ਰੂੜੀਵਾਦੀ ਪਰੰਪਰਾਵਾਂ ਨਿਰੰਤਰ ਤਿਆਗੀਆਂ ਸਨ। ਇਸ ਦਾ ਅਸਰ ਉਨ੍ਹਾਂ ਦੀਆਂ ਪੰਜ ਸੰਤਾਨਾਂ ’ਤੇ ਵੀ ਨਜ਼ਰ ਆਇਆ, ਚੌਥੇ ਨੰਬਰ ਵਾਲੇ ਗਿਰੀਸ਼ ਉਪਰ ਸਭ ਤੋਂ ਵੱਧ। ਗਿਰੀਸ਼ ਨੇ ਸਥਾਪਤੀ, ਚਾਹੇ ਉਹ ਰਾਜਸੀ ਹੋਵੇ ਜਾਂ ਸਮਾਜਿਕ, ਨਾਲ ਅਸੂਲੀ ਟੱਕਰ ਲੈਣ ਲੱਗਿਆਂ ਹਮੇਸ਼ਾ ਜ਼ਿਕਰਯੋਗ ਦੀਦਾ-ਦਲੇਰੀ ਦਿਖਾਈ। ਆਖ਼ਰੀ ਤਿੰਨ ਵਰ੍ਹਿਆਂ ਦੌਰਾਨ ਜਿਸਮਾਨੀ ਨਾਸਾਜ਼ੀ ਦੇ ਬਾਵਜੂਦ।
‘ਆਦਾਦਤਾ ਆਯੁਸ਼ਿਆ’ ਦਾ ਅੰਗਰੇਜ਼ੀ ਅਨੁਵਾਦ ਸ੍ਰੀਨਾਥ ਪੇਰੂਰ ਨੇ ਪੂਰਾ ਕੀਤਾ। ਇਹ ‘ਦਿਸ ਲਾਈਫ਼ ਐਟ ਪਲੇਅ’ (ਫੋਰਥ ਅਸਟੇਟ; 310 ਪੰਨੇ; 799 ਰੁਪਏ) ਦੇ ਸਿਰਲੇਖ ਹੇਠ ਉਪਲਬਧ ਹੈ। ਸੱਚਮੁੱਚ ਅਰਧਕਥਾਨਕ ਹੈ ਇਹ ਕਿਤਾਬ। ਕਰਨਾਡ ਦੇ ਜੀਵਨ ਦੇ 1938 ਤੋਂ 1978 ਤੱਕ ਦੇ ਵਰ੍ਹਿਆਂ ਦਾ ਬਿਆਨ ਕਰਨ ਵਾਲੀ। ਦੂਜਾ ਅੱਧ ਅਜੇ ਕਰਨਾਡ ਵੱਲੋਂ ਤਰਤੀਬਿਆ ਹੀ ਜਾ ਰਿਹਾ ਸੀ ਕਿ ਉਸ ਦਾ ਜੀਵਨ-ਕਾਲ ਸਮਾਪਤ ਹੋ ਗਿਆ। ਬਹਰਹਾਲ, ਅਰਧਕਥਾਨਕ ਵੀ ਪੂਰਾ ਨਾਟਕੀ ਹੈ, ਬੇਹੱਦ ਜਾਨਦਾਰ ਹੈ। ਕਰਨਾਡ ਦੇ ਬੱਚਿਆਂ- ਰਘੂ ਤੇ ਰਾਧਾ ਨੇ ਕਿਤਾਬ ਦੀ ਅੰਤਿਕਾ ਵਿਚ ਲਿਖਿਆ ਹੈ: ‘ਅੱਪਾ (ਪਿਤਾ ਜੀ) ਨੇ ਆਜ਼ਾਦ ਭਾਰਤ ਦੇ ਹਰ ਦਹਾਕੇ ਨੂੰ ਦੇਖਿਆ ਅਤੇ ਜੀਵਿਆ। ਇਸੇ ਲਈ ਉਨ੍ਹਾਂ ਦੀਆਂ ਰਚਨਾਵਾਂ ਤੇ ਸੋਚ, ਦੇਸ਼ ਦੀ ਜ਼ਿੰਦਗੀ, ਖ਼ਾਸ ਕਰਕੇ ਕਲਾਵਾਂ ਦੇ ਖੇਤਰ ਦਾ ਪ੍ਰਤੀਬਿੰਬ ਹਨ...। ਉਹ ਨਿਰਭੀਕ ਇਨਸਾਨ ਸਨ, ਇਨਸਾਨੀ ਕਦਰਾਂ ਦੀ ਸਲਾਮਤੀ ਦੇ ਪੱਕੇ ਪੈਰੋਕਾਰ। ਸੱਚੇ-ਸੁੱਚੇ ਪ੍ਰਗਤੀਸ਼ੀਲ। ਇਹੋ ਖ਼ੂਬੀਆਂ ਅੱਪਾ ਨੂੰ ਸਦਾ ਸਜੀਵ ਬਣਾਈ ਰੱਖਣਗੀਆਂ। ... ਸਾਡੇ ਤੋਂ ਇਲਾਵਾ ਹੋਰਨਾਂ ਲਈ ਵੀ ਚਾਨਣ-ਮੁਨਾਰਾ ਬਣੀਆਂ ਰਹਿਣਗੀਆਂ। ਇਹ ਸਾਡਾ ਯਕੀਨ ਹੈ।’’
ਕਿਤਾਬ ਇਸੇ ਯਕੀਨ ਉੱਪਰ ਮੋਹਰ ਲਾਉਂਦੀ ਹੈ।
* * *
ਕਈ ਵਾਰ ਕਬੂਲ ਕਰ ਚੁੱਕਾ ਹਾਂ ਕਿ ਕਵਿਤਾ ਬਾਰੇ ਮੇਰੀ ਸਮਝ ਕੱਚੀ ਹੈ। ਖ਼ਾਸ ਤੌਰ ’ਤੇ ਖੁੱਲ੍ਹੀ ਕਵਿਤਾ ਬਾਰੇ। ਬਹੁਤੀ ਵਾਰ ਇਹ ਕਵਿਤਾ ਟੁਕੜਿਆਂ ਵਿਚ ਬਿਖੇਰੀ ਵਾਰਤਕ ਵਰਗੀ ਲੱਗਦੀ ਹੈ। ਫਿਰ ਵੀ ਕੁਝ ਰਚਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਪਿੰਗਲ-ਉਰੂਜ਼ ਦੇ ਬੰਧੇਜਾਂ ਵਿਚ ਕੈਦ ਨਾ ਹੋ ਕੇ ਵੀ ਅੰਤਰੀਵੀ ਤਰਨੁੰਮ ਨਾਲ ਲੈਸ ਹੁੰਦੀਆਂ ਹਨ। ਅਜਿਹੀਆਂ ਕਾਵਿ-ਰਚਨਾਵਾਂ ਅੰਦਰਲੇ ਸ਼ਬਦਾਂ, ਭਾਵਾਂ ਤੇ ਸੰਵੇਦਨਾਵਾਂ ਦਾ ਤਵਾਜ਼ਨ ਖ਼ੁਦ-ਬਖ਼ੁਦ ਰੂਹ ਨੂੰ ਟੁੰਬ ਜਾਂਦਾ ਹੈ। ਅਰਤਿੰਦਰ ਸੰਧੂ ਦੀਆਂ ਕਾਵਿ-ਰਚਨਾਵਾਂ ਇਸੇ ਸ਼੍ਰੇਣੀ ਵਿਚ ਆਉਂਦੀਆਂ ਹਨ। ਉਨ੍ਹਾਂ ਦੀਆਂ 13 ਕਾਵਿ-ਕਿਤਾਬਾਂ ਵਿਚੋਂ ਚੁਣੀਆਂ ਰਚਨਾਵਾਂ ਦਾ ਵੱਡ-ਆਕਾਰੀ ਸੰਗ੍ਰਹਿ ‘ਖ਼ਾਮੋਸ਼ ਸਦੀ ਦੀ ਦਾਸਤਾਨ’ (ਵਾਹਗਾ ਬੁੱਕਸ; 516 ਪੰਨੇ; 450 ਰੁਪਏ) ਉਨ੍ਹਾਂ ਦੇ ਕਾਵਿਕ-ਹੁਨਰ ਦਾ ਪ੍ਰਤੱਖ ਪ੍ਰਮਾਣ ਹੈ।
ਡਾ. ਮੋਹਨ ਸਿੰਘ ਤਿਆਗੀ ਵੱਲੋਂ ਸੰਪਾਦਿਤ ਇਹ ਸੰਗ੍ਰਹਿ ਅਰਤਿੰਦਰ ਸੰਧੂ ਦੀ ਸਿਰਜਣਸ਼ੀਲਤਾ ਦੇ 50 ਵਰ੍ਹਿਆਂ ਦੀ ਨੁਮਾਇੰਦਗੀ ਕਰਦਾ ਹੈ। ਇਸ ਦੇ ਮੁੱਖ ਬੰਦ ‘ਅਰਤਿੰਦਰ ਸੰਧੂ ਦਾ ਕਾਵਿ ਤੀਰਥ’ ਵਿਚ ਡਾ. ਤਿਆਗੀ ਲਿਖਦੇ ਹਨ: ‘‘(ਅਰਤਿੰਦਰ ਸੰਧੂ ਦੀ) ਕਵਿਤਾ ਮਨੁੱਖੀ ਜੀਵਨ ਦੇ ਗੁੱਝੇ ਰਹੱਸਾਂ, ਡੂੰਘੀਆਂ ਰਮਜ਼ਾਂ ਅਤੇ ਦਰਸ਼ਨੀ ਝਲਕਾਰਿਆਂ ਨੂੰ ਕ੍ਰਿਸ਼ਮਈ ਕਾਵਿ-ਭਾਸ਼ਾ ਵਿਚ ਕਵਿਤਾਉਂਦੀ ਹੋਈ ਕਵਿਤਾ ਦੇ ਵਡੇੇਰੇ ਅਰਥਾਂ ਦੀ ਤਲਾਸ਼ ਵਿਚ ਨਿਕਲਦੀ ਹੈ। ... ਅਰਤਿੰਦਰ ਆਪਣੀ ਕਵਿਤਾ ਵਿਚ ਮਨੁੱਖ, ਸਮਾਜ ਅਤੇ ਪ੍ਰਕਿਰਤੀ ਨੂੰ ਜਿੱਥੇ ਬੜਾ ਮਹੱਤਵਪੂਰਨ ਸਥਾਨ ਦਿੰਦੀ ਹੈ, ਉੱਥੇ ਪੇਸ਼ਕਾਰੀ ਪੱਖੋਂ ਵੀ ਵੱਖਰੇ ਨਜ਼ਰੀਏ ਦੀ ਧਾਰਨੀ ਹੈ।’’ ਸੰਗ੍ਰਹਿ ਅੰਦਰਲੀਆਂ ਕਵਿਤਾਵਾਂ ਇਨ੍ਹਾਂ ਵਿਚਾਰਾਂ/ਪ੍ਰਭਾਵਾਂ ਦੀ ਸੱਚੀ-ਸੁੱਚੀ ਤਸਦੀਕ ਹਨ। ਇਹ ਪੱਖ ਵੀ ਜ਼ਿਕਰਯੋਗ ਹੈ ਕਿ ਪਹਿਲੇ ਸੰਗ੍ਰਹਿ ‘ਸਿਜਦੇ ਜੁਗਨੂੰਆਂ ਨੂੰ’ ਤੋਂ ਲੈ ਕੇ 13ਵੀਂ ਪੁਸਤਕ ‘ਘਰ, ਘਰ ਤੇ ਘਰ’ ਤਕ ਦੇ ਸਫ਼ਰ ਦੌਰਾਨ ਅਰਤਿੰਦਰ ਹੁਰਾਂ ਦੇ ਸਰੋਕਾਰਾਂ ਤੇ ਸੰਵੇਦਨਾਵਾਂ ਦੀ ਸ਼ਿੱਦਤ ਵਿਚ ਕੋਈ ਕਮੀ ਨਹੀਂ ਆਈ। ਹਾਂ, ਭਾਵਨਾਵਾਂ ਦੇ ਇਜ਼ਹਾਰ ਅਤੇ ਸ਼ਬਦਾਂ ਦੀ ਚੋਣ ਵਿਚ ਪੁਖ਼ਤਗੀ ਜ਼ਰੂਰ ਮੌਜੂਦ ਹੈ। ਹੋਣਾ ਵੀ ਇਹੋ ਕੁਝ ਚਾਹੀਦਾ ਹੈ। ਕਿਤਾਬ, ਸਲਾਮ ਦੀ ਹੱਕਦਾਰ ਹੈ।
ਖ਼ਬਰ ਸ਼ੇਅਰ ਕਰੋ
Related Keywords