comparemela.com
Home
Live Updates
ਸਾਡਾ ਵਿੱਦਿਆ ਮੰਦਰ : comparemela.com
ਸਾਡਾ ਵਿੱਦਿਆ ਮੰਦਰ
ਅਪਡੇਟ ਦਾ ਸਮਾਂ :
180
ਅਵਤਾਰ ਸਿੰਘ ਬਿਲਿੰਗ
ਅੱਜ ਤੋਂ ਪਝੰਤਰ ਸਾਲ ਪਹਿਲਾਂ ਜੂਨ 1946 ਨੂੰ ਹੋਂਦ ਵਿਚ ਆਇਆ ਏ.ਐੱਸ. ਕਾਲਜ ਖੰਨਾ ਸਾਡੇ ਇਲਾਕੇ ਲਈ ਚਾਨਣ ਮੁਨਾਰਾ ਹੈ। ਕਿਸੇ ਸਮੇਂ 25-30 ਕਿਲੋਮੀਟਰ ਚੁਫੇਰਿਉਂ ਵਿਦਿਆਰਥੀ ਇੱਥੇ ਪੜ੍ਹਨ ਲਈ ਆਉਂਦੇ। ਇਲਾਕੇ ਵਿਚ ਉੱਚ ਵਿੱਦਿਆ ਦਾ ਛਿੱਟਾ ਦੇਣ ਵਾਲੀ ਇਸ ਸੰਸਥਾ ਵਿਚ ਦਾਖ਼ਲ ਹੋਣ ਵੇਲੇ ਮੈਂ ਬਹੁਤ ਸਾਦਾ ਸੀ। ਅਸਲੀ ਪੇਂਡੂ। ਮੈਟਰਿਕ ਪਾਸ ਕਰ ਕੇ ਸਿੱਧਾ ਕਾਲਜ। ਸਾਧਾਰਨ ਕਿਸਾਨੀ ਵਾਲਾ ਪਿਛੋਕੜ ਹੋਣ ਕਰਕੇ ਸਾਦਗੀ ਅਖਤਿਆਰ ਕਰਨੀ ਜ਼ਰੂਰੀ ਸੀ। ਉਂਝ ਵੀ ਉਹ ਜ਼ਮਾਨਾ ਥੋੜ੍ਹੀ ਪੂੰਜੀ ਦਾ ਸੀ। ਝੰਡੇ ਕਿਸੇ ਚੰਗੇ ਜ਼ਿਮੀਂਦਾਰ ਦੇ ਵੀ ਨਹੀਂ ਸੀ ਝੂਲਦੇ। ਸੋ ਪਿੱਛੇ ਤੋਂ ਸਕੂਲ ਵਿਚ ਅੱਧੀ ਫੀਸ ਨਾਲ ਪੜ੍ਹਦਾ ਆਇਆ ਹੋਣ ਕਰਕੇ, ਕਾਲਜ ਪ੍ਰਿੰਸੀਪਲ ਰਾਧੇ ਸ਼ਿਆਮ ਸ਼ਰਮਾ ਨੇ ਮੇਰੀ ਦਸਵੀਂ ਵਿਚੋਂ ਫਸਟ ਕਲਾਸ ਦੇਖ ਕੇ ਟਿਊਸ਼ਨ ਫੀਸ ਹੱਸ ਕੇ ਮੁਆਫ਼ ਕਰ ਦਿੱਤੀ। ਕਿਤਾਬਾਂ ਲਾਇਬ੍ਰੇਰੀ ਵਿਚੋਂ ਮਿਲ ਗਈਆਂ। ‘‘ਪੜ੍ਹਨ ਵਾਲ਼ੇ ਨ੍ਹੀਂ ਬਹੁਤੀਆਂ ਸ਼ੁਕੀਨੀਆਂ ਲਾਉਂਦੇ ਹੁੰਦੇ। ਆਪਣੇ ਪਿੰਡੋਂ ਜੈਲਾ (ਮਾਸਟਰ ਜਰਨੈਲ ਸਿੰਘ) ਕੁੜਤੇ ਪਜਾਮੇ ਨਾਲ਼ ਪੈਦਲ ਤੁਰ ਕੇ ਏਸੇ ਕਾਲਜ ’ਚ ਪੜ੍ਹਿਐ। ਉਹਦੇ ਨਾਲ਼ ਪੜ੍ਹਦੇ ਇਕ ਧਜਾਧਾਰੀ ਪਿਉ ਦੇ ਪੁੱਤ ਨੇ ਉਹੀ ਬੀ.ਏ. ਘਿਸਾ ਘਿਸਾ ਕੇ ਪਤਾ ਨ੍ਹੀਂ ਕਿੰਨੀਆਂ ਪੈਂਟ-ਸ਼ਰਟਾਂ ਪਾੜ ਕੇ ਅੱਠੀਂ ਸਾਲੀਂ ਸਿਰੇ ਲਾਈ ਤੀ।’’ ਬਾਪੂ ਨਸੀਹਤ ਦੇਣੋਂ ਕਦੇ ਨਾ ਖੁੰਝਦਾ।
ਮੱਖਣ ਜੀਨ ਦੀ ਖਾਕੀ ਪੈਂਟ ਮੇਰੇ ਕੋਲ, ਸਕੂਲ ਦੀ ਵਰਦੀ ਵਾਲੀ ਇਕੋ ਸੀ। ਮੈਂ ਬੋਸਕੀ ਦਾ ਪਜਾਮਾ ਪਾ ਕੇ ਕਾਲਜ ਜਾਂਦਾ। ਪੁਰਾਣਾ ਅੱਧੋਰਾਣਾ ਸਾਈਕਲ ਕਦੇ ਬਾਪੂ ਨੇ ਲਿਜਾਣਾ ਹੁੰਦਾ ਤਾਂ ਹੱਥ ਛਤਰੀ ਲੈ ਨਹਿਰ ਦੀ ਪਟੜੀ, ਚਲੋ ਚਾਲ ਸਿੱਧਾ ਲੰਘ ਜਾਂਦਾ। ਨਾਲ ਪੜ੍ਹਦੇ ਬਹੁਗਿਣਤੀ ਜਮਾਤੀ ਦਲਿਤਾਂ ਵਿਚੋਂ ਸਨ ਜੋ ਇਕ ਸਾਈਕਲ ਨਾਲ ਦੋ ਦੋ ਜਣੇ ਬੁੱਤਾ ਸਾਰਦੇ। ਬਰਸਾਤ ਦੇ ਦਿਨਾਂ ਵਿਚ ਮੀਂਹ ਪੈ ਜਾਂਦਾ। ਸੂਏ ਦੀ ਕੱਚੀ ਪਟੜੀ ਤੋਂ ਚੀਕਣੀ ਮਿੱਟੀ ਟਾਇਰਾਂ ਨੂੰ ਚਿੰਬੜਦੀ, ਮੱਡਗਾਰਡ ਗਾਰੇ ਨਾਲ ਭਰ ਜਾਂਦੇ। ਜਾਮ ਹੋਏ ਚੱਕਿਆਂ ਨਾਲ ਗੱਡਾ ਬਣੇ ਸਾਈਕਲਾਂ ਨੂੰ ਅਸੀਂ ਧੂੰਹਦੇ ਤਾਂ ਗਿੱਲੀ ਮਿੱਟੀ ਉੱਤੇ ਪੈਰ ਤਿਲਕਦੇ। ਸਾਡੇ ਚੜ੍ਹਦੇ ਪਾਸੇ ਤੋਂ ਇਕੋ ਮੁੰਡਾ ਪਹਿਲੀ ਕੱਚੀ ਤੋਂ ਮੇਰਾ ਜਮਾਤੀ ਸੀ। ਉਹ ਮੁਲਾਜ਼ਮ ਪਿਉ ਦਾ ਪੁੱਤਰ ਨਵੇਂ ਸਾਈਕਲ ਉੱਤੇ ਕਾਲਜ ਜਾਂਦਾ, ਪਰ ਉਸ ਨਾਲ ਮੇਰਾ ਕਰੂਰਾ ਨਾ ਮਿਲਦਾ। ਬੀ.ਏ. ਫਾਈਨਲ ਵਿਚ ਪੜ੍ਹਦਾ ਇਕ ਹੋਰ ਸੀਨੀਅਰ ਸਾਡੇ ਨਾਲੋਂ ਬਹੁਤ ਪਹਿਲਾਂ ਵਿਹਲਾ ਹੋਇਆ, ਉਸ ਨੂੰ ਬਾਅਦ ਦੁਪਹਿਰ ਵਾਲੇ ਪੀਰੀਅਡ ਛੁਡਵਾ ਕੇ ਆਪਣੇ ਨਾਲ ਬਾਜ਼ਾਰ ਲੈ ਜਾਂਦਾ। ਜਿੱਥੇ ਇਧਰ ਉਧਰ ਘੁੰਮਦੇ, ਨਵੀਂ ਖੁੱਲ੍ਹੀ ਹੰਸ ਰਾਜ ਹਲਵਾਈ ਦੀ ਦੁਕਾਨ ਤੋਂ ਰਸ ਮਲਾਈਆਂ ਛਕਦੇ, ਉਹ ਕੁਵੇਲੇ ਪਿੰਡ ਮੁੜਦੇ। ਵਾਗਾਂ ਖੁੱਲ੍ਹੀਆਂ ਹੋਣ ਕਰਕੇ ਮੇਰਾ ਉਹ ਜਮਾਤੀ ਕੱਚੀ ਉਮਰ ਵਿਚ ਐਸ਼ਪ੍ਰਸਤੀ ਦੇ ਰਾਹ ਪਿਆ ਪੜ੍ਹਾਈ ਵਿਚ ਵਿਚਾਲੇ ਛੱਡ ਗਿਆ। ਵੱਡਾ ਅਫ਼ਸਰ ਲੱਗਿਆ ਉਸ ਦਾ ਪਾਪਾ ਮਹੀਨੇ ਵੀਹ ਦਿਨ ਮਗਰੋਂ ਪਿੰਡ ਗੇੜਾ ਮਾਰਦਾ, ਖੇਤੀ ਕਰਦੇ ਸਾਂਝੀ ਸੀਰੀ ਨੂੰ ਹਦਾਇਤਾਂ ਦੇ ਕੇ ਸੋਮਵਾਰ ਫੇਰ ਦੂਰ ਦੇ ਦਫ਼ਤਰ ਜਾ ਹਾਜ਼ਰ ਹੁੰਦਾ। ਐਪਰ ਅਜਿਹਾ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਸੀ। ਮੈਨੂੰ ਨਹੀਂ ਯਾਦ, ਮੈਂ ਤੇ ਮੇਰੇ ਦਲਿਤ ਸਾਥੀ ਕਦੇ ਕਾਲਜ ਕੰਟੀਨ ਵਿਚ ਪੱਲਿਓਂ ਚਾਹ ਪੀਣ ਗਏ ਹੋਈਏ। ਐੱਨ.ਸੀ.ਸੀ. ਦੀ ਪਰੇਡ ਤੋਂ ਬਾਅਦ ਜਾਂ ਰੋਟਰ ਐਕਟ ਕਲੱਬ ਦੀ ਮੀਟਿੰਗ ਮਗਰੋਂ ਜ਼ਰੂਰ ਗੁਲਾਬ ਜਾਮਣਾਂ ਤੇ ਸਮੋਸਿਆਂ ਦੀ ਰਿਫਰੈੱਸ਼ਮੈਂਟ ਛਕਣ ਲਈ ਉੱਥੇ ਜਾਂਦੇ। ਫੀਸ ਤੇ ਫੰਡ ਜਮ੍ਹਾਂ ਕਰਵਾ ਕੇ ਜਿਹੜੇ ਇਕ ਦੋ ਰੁਪਏ ਬਚ ਜਾਂਦੇ, ਕਾਲਜ ਵੱਲੋਂ ਮਿਲੇ ਪਛਾਣ ਪੱਤਰ ਵਿਚ ਲੁਕੋ ਕੇ ਰੱਖਦੇ। ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦਾ ਮੇਰਾ ਮੁਸ਼ੱਕਤੀ ਪਿਤਾ ਮੈਨੂੰ ਹਰ ਵੇਲੇ ਅੰਗ ਸੰਗ ਵਿਚਰਦਾ ਮਹਿਸੂਸ ਹੁੰਦਾ। ਘਰੋਂ ਕਾਲਜ। ਕਾਲਜ ਤੋਂ ਘਰ। ‘ਚਾਹ ਪਾਣੀ ਪੀ ਕੇ ਸਿੱਧੇ ਖੂਹ ਉੱਤੇ।’ ਬਾਪੂ ਦਾ ਇਕੋ ਵਾਰ ਹਮੇਸ਼ਾ ਲਈ ਛਾਪਿਆ ਆਡਰ ਸੀ। ਕਾਲਜ ਦਸ ਵਜੇ ਲੱਗਦਾ। ਸੋ ਤੜਕੇ ਤੋਂ ਤਿੰਨ ਚਾਰ ਘੰਟੇ ਖੇਤੀ ਦੇ ਕਿਸੇ ਧੰਦੇ ਵਿਚ ਲਵਾ ਕੇ ਜਾਣਾ ਆਮ ਰੁਝਾਨ ਸੀ। ਛੁੱਟੀਆਂ ਖੇਤਾਂ ਵਿਚ ਬੀਤਦੀਆਂ। ਮੈਂ ਇਕੱਲਾ ਨਹੀਂ, ਸਾਰੇ ਜਮਾਤੀ ਆਪੋ ਆਪਣੇ ਘਰਦਿਆਂ ਦੇ ਪਿਤਾ ਪੁਰਖੀ ਕਿੱਤਿਆਂ ਵਿਚ ਹੱਸ ਕੇ ਹੱਥ ਵਟਾਉਂਦੇ। ਕਈ ਜਮਾਤੀ ਛੁੱਟੀਆਂ ਦੌਰਾਨ ਮਜ਼ਦੂਰੀ ਕਰਦੇ, ਵਾਢੀ ਦੇ ਮੌਸਮ ਵਿਚ ਕਣਕ ਵੱਢਦੇ। ਕਿਤਾਬਾਂ, ਕੱਪੜਿਆਂ ਜੋਗੇ ਪੈਸੇ ਜੋੜ ਲੈਂਦੇ। ਬਾਪੂ ਆਪਣੇ ਬਚਪਨ ਵਿਚ ਗੁਰਦੁਆਰੇ ਦੇ ਭਾਈ ਜੀ ਜਵਾਲਾ ਸਿੰਘ ਤੋਂ ਗੁਰਮੁਖੀ ਤੇ ਗਿਣਤੀ ਪੜ੍ਹਿਆ, ਅੰਤਾਂ ਦਾ ਸੁਜੱਗ ਵਿਅਕਤੀ ਸੀ ਜੋ ਮੈਨੂੰ ਤੀਜੀ ਚੌਥੀ ਜਮਾਤ ਤੋਂ ਹਰ ਰਾਤ ਨੂੰ ਅਕਸਰ ਪੁੱਛਦਾ: ‘ਸੁਣਾ ਬਈ ਪਾਸ਼ੀ, ਅੱਜ ਤੈਨੂੰ ਕੀ ਕੀ ਪੜ੍ਹਾਇਆ?’ ਦਸਵੀਂ ਤੱਕ ਦੀ ਪੜ੍ਹਾਈ ਉਸ ਨੂੰ ਸਮਝ ਆ ਜਾਂਦੀ। ਪਰ ਕਾਲਜ ਵਿਚ ਪੜ੍ਹੀ ਵਿੱਦਿਆ ਬਾਰੇ ਵੀ ਜ਼ਰੂਰ ਟੋਹ ਕੇ ਦੇਖਣਾ ਉਸ ਦਾ ਆਪਣਾ ਢੰਗ ਸੀ।
ਅੰਗਰੇਜ਼ੀ ਪੜ੍ਹਾਉਂਦੇ ਪ੍ਰੋਫੈਸਰ ਨਈਅਰ ਸਤੰਬਰ ਦੀਆਂ ਪਤਝੜੀ ਛੁੱਟੀਆਂ ਵਿਚ ਮੁਫ਼ਤ ਓਵਰ ਟਾਈਮ ਲਾਉਂਦੇ। ‘‘ਆਪ ਕਾਲਜ ਮੇਂ ਯੇ ਫਾਂਟੇਂ ਵਾਲਾ ਪਜਾਮਾ ਪਾ ਕਰ ਨਾ ਆਇਆ ਕਰੇਂ। ਸਫੇਦ ਪਹਿਨ ਸਕਤੇ ਹੋ।’’ ਹਰ ਰੋਜ਼ ਵਾਂਗ ਕਲਾਸ ਦੇ ਕਮਰੇ ਮੂਹਰੇ ਖੜੋਤੇ, ਇਕ ਇਕ ਕਰਕੇ ਵਿਦਿਆਰਥੀਆਂ ਦੇ ਅੰਦਰ ਵੜਨ ਦੀ ਉਡੀਕ ਕਰਦੇ ਪ੍ਰੋਫੈਸਰ ਸਾਹਿਬ ਨੇ ਇਕ ਦਿਨ ਮੇਰੀ ਸਤਿ ਸ੍ਰੀ ਅਕਾਲ ਮੰਨਦਿਆਂ ਧੀਮੀ ਆਵਾਜ਼ ਵਿਚ ਇਕੱਲੇ ਨੂੰ ਆਖਿਆ। ‘‘...ਔਰ ਸੁਨੀਏਂ! ਆਪ ਨੇ ਪ੍ਰੀ ਯੂਨੀਵਰਸਿਟੀ ਕਲਾਸ ਮੇਂ ਫਸਟ ਆਨਾ ਹੈ।’’ ਪਹਿਲੀ ਗੱਲ ਨਾਲ ਜਿੱਥੇ ਕੁਝ ਸ਼ਰਮਿੰਦਗੀ ਹੋਈ, ਦੂਜੀ ਨੇ ਮੈਨੂੰ ਖ਼ੁਸ਼ ਕਰ ਦਿੱਤਾ। ਪਰ ਲੱਗਦੀ ਮੈਨੂੰ ਇਹ ਅਸੰਭਵ ਸੀ। ਏ.ਐੱਸ. ਕਾਲਜ ਖੰਨਾ ਜਿੱਥੇ ਗਿਆਰਵੀਂ ਵਿਚ ਇਕ ਤੋਂ ਵਧ ਕੇ ਇਕ ਹੁਸ਼ਿਆਰ ਮੁੰਡਾ ਪੜ੍ਹਦਾ, ਮੇਰੀ ਪੇਂਡੂ ਦੀ ਉੱਥੇ ਕੀ ਵੱਟੀਦੀ ਸੀ। ਮਾਸਟਰ ਗੁਰਮੇਲ ਸਿੰਘ ਸਰਵਰਪੁਰੀ ਵੱਲੋਂ ਅੱਠਵੀਂ ਵਿਚ ਡੰਡੇ ਦੇ ਡਰ ਨਾਲ ਰਟਾਏ ਟੈਂਸਾਂ ਕਰਕੇ ਮੈਂ ਅੰਗਰੇਜ਼ੀ ਦਾ ਪੈਰਾਗਰਾਫ਼ ਜ਼ਰੂਰ ਮਨੋਂ ਘੜ ਕੇ ਸੋਹਣਾ ਲਿਖ ਲੈਂਦਾ। ਸੀਨੀਅਰ ਮੁੰਡੇ ਪ੍ਰੋਫੈਸਰ ਨਈਅਰ ਦੀ ਗੱਲ ਛਿੜੀ ਤੋਂ ਮਜ਼ਾਕ ਉਡਾਉਂਦੇ: ‘‘ਉਹਦੀ ਕਲਾਸ ’ਚੋਂ ਤਾਂ ਅਸੀਂ ਹਾਜ਼ਰੀ ਲੱਗੀ ਤੋਂ ਪਿਛਲੇ ਦਰਵਾਜ਼ਿਓਂ ਹੌਲ਼ੀ ਦੇ ਕੇ ਬਾਹਰ ਖਿਸਕ ਜਾਂਦੇ। ਉਹਨੂੰ ਨੀਵੀਂ ਗਰਦਨ ਵਾਲ਼ੇ ਨੂੰ ਪਤਾ ਈ ਨਾ ਲੱਗਦਾ। ਨੋਟਸ ਕਿਸ ਨੇ ਲਿਖਣੇ ਸੀ।’’ ਪੁਰਾਣੇ ਬਿਹਤਰੀਨ ਅਥਲੀਟ ਰਹੇ ਸੀਨੀਅਰ ਨੇ ਇਕ ਵਾਰੀ ਕਾਲਜ ਗੇੜਾ ਮਾਰਨ ਆਏ ਨੇ ਬੜਾ ਹੁੱਬ ਕੇ ਦੱਸਿਆ। ਪਰ ਮੈਂ ਅਜਿਹੀ ਮਿੱਟੀ ਦਾ ਨਹੀਂ ਸੀ ਬਣਿਆ। ਲਾਈਲੱਗ ਹੋਣ ਦੀ ਥਾਂ ਆਪਮਤੀਆ ਸਾਂ। ਹਰੇਕ ਅਧਿਆਪਕ ਦੇ ਲਿਖਾਏ ਨੋਟਸ ਤਿਆਰ ਕਰਦਾ। ਸਵੇਰੇ ਸ਼ਾਮ ਨੇਮ ਨਾਲ ਪੜ੍ਹਦਾ।
ਪ੍ਰੈੱਪ ਦਾ ਨਤੀਜਾ ਨਿਕਲਿਆ। ਪਿੰਡ ਵਿਚ ਕਈ ਦਿਨ ਪਿੱਛੋਂ ਪਤਾ ਲੱਗਿਆ। ਖੇਤ ਵਿਚ ਕੰਮ ਕਰਦਾ ਮੈਂ ਬਾਪੂ ਦਾ ਮਿੰਨਤ ਤਰਲਾ ਕਰ ਕੇ ਖੰਨੇ ਦੀ ਨੌਰਾਤਾ ਰਾਮ ਲਾਇਬ੍ਰੇਰੀ ਵਿਚ ਅੰਗਰੇਜ਼ੀ ਅਖ਼ਬਾਰ ਦੇਖਣ ਗਿਆ। ਉੱਥੇ ਬੈਠੇ ਟ੍ਰਿਬਿਊਨ ਪੜ੍ਹਦੇ ਇਕ ਸ਼ਹਿਰੀ ਭੱਦਰ ਪੁਰਸ਼ ਨੇ ਮੇਰਾ ਰੋਲ ਨੰਬਰ ਪੁੱਛਿਆ। ਅਖ਼ਬਾਰ ਵਿਚੋਂ ਲੱਭ ਕੇ ਮੇਰੇ ਵੱਲ ਬੜੀ ਹੈਰਾਨੀ ਭਰੀ ਮੁਸਕਰਾਹਟ ਨਾਲ ਐਨਕਾਂ ਉਪਰੋਂ ਦੇਖਿਆ ਤੇ 414 ਨੰਬਰ ਦੱਸ ਕੇ ਮੈਨੂੰ ਕੁਰਸੀ ਤੋਂ ਉੱਠ ਕੇ ਥਾਪੀ ਦਿੱਤੀ।
ਬੀ.ਏ. ਭਾਗ ਪਹਿਲਾ ਵਿਚ ਦਾਖ਼ਲਾ ਕਦੋਂ ਦਾ ਹੋ ਚੁੱਕਾ ਸੀ। ਕਿਤਾਬਾਂ ਰਸਾਲੇ ਪੜ੍ਹਨ ਦਾ ਸ਼ੌਕੀਨ ਮੇਰਾ ਜਮਾਤੀ ਰਵੇਲ ਇਕ ਦਿਨ ਉੱਭੜ ਕੇ ਲਾਇਬ੍ਰੇਰੀ ਵਿਚੋਂ ਬਾਹਰ ਆਇਆ। ਮੇਰਾ ਹੱਥ ਫੜ ਕੇ ਉਸ ਨੇ ਕਾਲਜ ਦੀ ‘ਸਤੰਬਰ ਬੁਲਟਿਨ’ ਵਿਚ ਛਪੀ ਮੇਰੀ ਫੋਟੋ ਬਾਰੇ ਦੱਸਿਆ। ਮੈਂ ਕਾਲਜ ਵਿਚੋਂ ਫਸਟ ਜੋ ਸਾਂ। ਪ੍ਰੋਫੈਸਰ ਨਈਅਰ ਸਾਹਿਬ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਸੀ। ਉਸ ਸਾਲ ਇਨਾਮ ਵੰਡ ਸਮਾਗਮ ਹੋਇਆ। ਪੰਜਾਬ ਦੇ ਗਵਰਨਰ ਡੀ.ਸੀ. ਪਾਵਟੇ ਹੱਥੋਂ ਇਨਾਮ ਵਜੋਂ ਮਿਲੀਆਂ ਅੰਗਰੇਜ਼ੀ ਪੰਜਾਬੀ ਦੀਆਂ ਕਿੰਨੀਆਂ ਪੁਸਤਕਾਂ ਮੈਂ ਮਸਾਂ ਹੀ ਸਾਈਕਲ ਉੱਤੇ ਪਿੰਡ ਲਿਜਾ ਸਕਿਆ ਸਾਂ। ਅਗਲੇ ਤਿੰਨ ਸਾਲਾਂ ਦੌਰਾਨ ਕਲਾਸ ਵਿਚੋਂ/ ਕਿਸੇ ਵਿਸ਼ੇ ਵਿਚੋਂ ਪਹਿਲੀ/ਦੂਜੀ ਪੋਜ਼ੀਸ਼ਨ ਆ ਹੀ ਜਾਂਦੀ। ਹਰ ਸਾਲ ਇਨਾਮ ਵਜੋਂ ਦਿਲਚਸਪ ਪੁਸਤਕਾਂ ਮਿਲਦੀਆਂ।
ਏ.ਐੱਸ. ਕਾਲਜ ਦਾ ਸਟਾਫ਼ ਪੜ੍ਹਾਈ ਕਰਵਾਉਣ ਲਈ ਇਲਾਕੇ ਵਿਚ ਪ੍ਰਸਿੱਧ ਸੀ। ਹਾਲਾਂਕਿ ਉਦੋਂ ਇਹ ਆਰਟਸ ਤੇ ਸਾਇੰਸ ਦਾ ਇਕੱਲਾ ਡਿਗਰੀ ਕਾਲਜ ਸੀ। ਹੁਣ ਤਾਂ ਸੁੱਖ ਨਾਲ ਇੱਥੇ ਕਿੰਨੇ ਪੋਸਟ ਗਰੈਜੂਏਟ ਡਿਪਾਰਟਮੈਂਟ ਹਨ ਤੇ ਕਈ ਹੋਰ ਏ.ਐੱਸ. ਭਾਈਵਾਲ ਸੰਸਥਾਵਾਂ। ਸਖ਼ਤ ਮਿਹਨਤ ਕਰਨ ਕਰਵਾਉਣ ਅਤੇ ਨਕਲ ਨਾ ਹੋਣ ਦੇਣ ਦਾ ਇੱਥੋਂ ਦੇ ਸਟਾਫ ਨੇ ਮੁੱਢ ਤੋਂ ਨੇਮ ਪਾਇਆ ਹੋਇਆ ਸੀ। ਬੀ.ਏ. ਭਾਗ ਪਹਿਲਾ ਵਿਚ ਸਾਨੂੰ ਨਵੇਂ ਲੱਗੇ ਪ੍ਰੋਫੈਸਰ ਤਰਸੇਮ ਰਾਜ ਬਾਹੀਆ ਅੰਗਰੇਜ਼ੀ ਪੜ੍ਹਾਉਂਦੇ। ਉਹ ਟੀਚਰ ਯੂਨੀਅਨ ਦੇ ਲੀਡਰ ਸਨ, ਕਾਲਜ ਤੋਂ ਬਾਹਰ ਵੀ ਉੱਡ ਕੇ ਮਿਲਦੇ। ਬੀ.ਏ. ਭਾਗ ਦੂਜਾ ਵਿਚ ਜਿਨ੍ਹਾਂ ਅੰਗਰੇਜ਼ੀ ਪੜ੍ਹਾਈ, ਉਹ ਸਨ ਪ੍ਰੋਫੈਸਰ ਏ.ਕੇ. ਸੈਣੀ। ਬੜੇ ਸਖ਼ਤ, ਪਰ ਪੜ੍ਹਾਉਣ ਵਿਚ ਧੀਮੀ ਸਪੀਡ ਨਾਲ ਜੁਟੇ ਰਹਿੰਦੇ। ਅੰਗਰੇਜ਼ੀ ਦੇ ਨਵੇਂ ਸ਼ਬਦ ਬੋਰਡ ਉੱਤੇ ਲਿਖ ਕੇ ਦੱਸਦੇ। ਕਿੰਨੀਆਂ ਪੁਸਤਕਾਂ ਪੜ੍ਹਨ ਦੀ ਸਿਫ਼ਾਰਸ਼ ਕਰਦੇ। ਹਾਊਸ ਟੈਸਟਾਂ ਵਿਚ ਨੰਬਰ ਦੇਣ ਲੱਗੇ ਅੰਤਾਂ ਦੀ ਕੰਜੂਸੀ ਦਿਖਾਉਂਦੇ। ਸਾਰੀ ਜਮਾਤ ਵਿਚੋਂ ਇਕ ਦੋ ਨੂੰ ਪਾਸ ਕਰਦੇ। ਉਨ੍ਹਾਂ ਕੋਲ ਵੀ ਮੈਂ ਸੌ ਵਿਚੋਂ 35-37 ਨੰਬਰ ਲੈ ਕੇ ਕਲਾਸ ਵਿਚੋਂ ਫਸਟ ਜਾਂ ਸੈਕਿੰਡ ਆ ਜਾਂਦਾ। ਕਹਾਵਤ ਬਣੀ ਸੀ: ਜਿਹੜਾ ਪ੍ਰੋ. ਸੈਣੀ ਕੋਲ ਪਾਸ ਹੋ ਗਿਆ, ਉਸ ਨੂੰ ਪੱਕੇ ਪੇਪਰਾਂ ਵਿਚੋਂ ਫੇਲ੍ਹ ਕਰਨ ਵਾਲਾ ਕੋਈ ਜੰਮਿਆ ਨਹੀਂ। ਮੇਰੇ ਸਭ ਤੋਂ ਮਨਭਾਉਂਦੇ ਤੇ ਅੰਤਾਂ ਦੇ ਮਿਹਨਤੀ ਅਧਿਆਪਕ ਸਨ ਪ੍ਰੋ. ਐੱਸ.ਕੇ. ਸ਼ਰਮਾ ਜੋ ਲੁਧਿਆਣੇ ਤੋਂ ਆਉਂਦੇ। ਬੱਤੀ ਦਾ ਕਸ਼ ਲਾ ਕੇ ਕਲਾਸ ਵਿਚ ਵੜਦੇ, ਧੂੰਆਂਧਾਰ ਅੰਗਰੇਜ਼ੀ ਵੱਢਦੇ। ਜਿਵੇਂ ਗਾਉਣ ਲਾ ਦਿੰਦੇ। ਸ਼ੇਕਸਪੀਅਰ, ਵਰਡਜ਼ਵਰਥ, ਕੌਲਰਿਜ, ਸ਼ੈਲੇ ਤੇ ਕੀਟਸ ਉਨ੍ਹਾਂ ਨੇ ਰਟੇ ਹੋਏ ਸਨ। ਕਵਿਤਾਵਾਂ, ਨਾਟਕਾਂ ਵਿਚੋਂ ਟੂਕਾਂ ਸੁਣਾਉਂਦੇ। ਜੇ ਮਾਸਟਰ ਗੁਰਮੇਲ ਸਿੰਘ ਨੇ ਅੱਠਵੀਂ ਵਿਚ ਮੈਨੂੰ ਅੰਗਰੇਜ਼ੀ ਸਿਖਾਈ ਤਾਂ ਬੀ.ਏ. ਫਾਈਨਲ ਵਿਚ ਪ੍ਰੋ. ਸ਼ਰਮਾ ਨੇ ਅੰਗਰੇਜ਼ੀ ਸਾਹਿਤ ਦਾ ਗੰਭੀਰ ਪਾਠਕ ਬਣਾ ਦਿੱਤਾ। ਉਨ੍ਹਾਂ ਵੱਲੋਂ ਸੁਝਾਏ ਟਾਮਸ ਹਾਰਡੀ ਦੇ ਨਾਵਲ, ਸ਼ੇਕਸਪੀਅਰ ਦੇ ਡਰਾਮੇ ਮੈਂ ਬੀ.ਏ. ਵਿਚ ਹੀ ਪੜ੍ਹ ਗਿਆ। ਅੰਗਰੇਜ਼ੀ ਦੀ ਐਮ.ਏ. ਸਰਕਾਰੀ ਕਾਲਜ ਲੁਧਿਆਣਾ ਤੋਂ ਕਰਨ ਲਈ ਮੈਨੂੰ ਇਸ ਪ੍ਰੋਫ਼ੈਸਰ ਨੇ ਹੀ ਪ੍ਰੇਰਨਾ ਦਿੱਤੀ।
ਮਹਾਜਨੀ ਪਿਛੋਕੜ ਵਾਲਾ ਏ.ਐੱਸ. ਕਾਲਜ ਸਦਾ ਸ਼ਾਂਤ ਤੇ ਵਾਦ ਵਿਵਾਦ ਤੋਂ ਮੁਕਤ ਰਿਹਾ ਹੈ। ਵਿਦਿਆਰਥੀਆਂ ਵਿਚਾਲੇ ਕਦੇ ਲੜਾਈ ਝਗੜਾ ਜਾਂ ਕੋਈ ਵੱਡੀ ਹੁੱਲੜਬਾਜ਼ੀ ਨਹੀਂ ਹੋਈ। ਅਜਿਹੇ ਮਾਹੌਲ ਨੇ ਇੱਥੇ ਪੜ੍ਹੇ ਹੋਰ ਵਿਦਿਆਰਥੀਆਂ ਵਾਂਗ ਮੈਨੂੰ ਵੀ ਸੁਭਾਅ ਪੱਖੋਂ ਸਮਦਰਸ਼ੀ ਵਿਚਾਰਾਂ ਦਾ ਧਾਰਨੀ ਬਣਾਇਆ। ਇੱਥੇ ਕਿਸੇ ਧਰਮ ਜਾਂ ਸਭਿਆਚਾਰ ਵਿਸ਼ੇਸ਼ ਦਾ ਪ੍ਰਚਾਰ ਕਦੇ ਕਿਸੇ ਵੱਲੋਂ ਨਾ ਕੀਤਾ ਜਾਂਦਾ। ਪ੍ਰੋਫੈਸਰ ਐੱਸ.ਕੇ. ਸਕਸੈਨਾ ਜੋ ਫ਼ਾਰਸੀ ਉਰਦੂ ਦੇ ਵਿਦਵਾਨ ਸਨ, ਪੰਜਾਬੀ ਪੜ੍ਹਾਉਂਦੇ, ਹਰੇਕ ਧਰਮ ਵਿਚਲੇ ਪਾਖੰਡ ਨੂੰ ਭੰਡਦੇ; ਪੁਜਾਰੀਆਂ ਦੇ ਲੱਚਰ ਕਿਰਦਾਰ ਬਾਰੇ ਚੁਟਕਲੇ ਸੁਣਾਉਂਦੇ। ਉਨ੍ਹਾਂ ਦੇ ਪੀਰੀਅਡ ਵਿਚ ਹਾਸਿਆਂ ਦੇ ਫੁਹਾਰੇ ਛੁੱਟਦੇ। ਪ੍ਰੋ. ਕੇ.ਕੇ. ਸ਼ਰਮਾ, ਪ੍ਰੋ ਆਰ.ਪੀ. ਸ਼ਰਮਾ ਪਾਸੋਂ ਮੈਂ ਦੋ ਦੋ ਸਾਲ ਇਕਨੋਮਿਕਸ ਪੜ੍ਹੀ ਹੈ। ਅੰਤਾਂ ਦੇ ਮਿਹਨਤੀ। ਪ੍ਰੋ.ਐੱਸ.ਐੱਨ. ਜੋਗੀ ਕੋਲੋਂ ਚਾਰ ਸਾਲ ਇਤਿਹਾਸ ਪੜ੍ਹਿਆ। ਉਹ ਚਲਦਾ ਫਿਰਦਾ ਇਤਿਹਾਸ ਸਨ- ਕਸ਼ਮੀਰੀ ਪਿਛੋਕੜ ਰੱਖਦੇ, ਸਿੱਖ ਧਰਮ ਦਾ ਬੇਹੱਦ ਸਤਿਕਾਰ ਕਰਦੇ। ਅਤਿ ਸ਼ਰੀਫ਼, ਬਹੁਤ ਮਿਲਣਸਾਰ, ਗਿਆਨ ਦੇ ਭੰਡਾਰ। ਹਰ ਸ਼ੁੱਕਰਵਾਰ ਉਨ੍ਹਾਂ ਪ੍ਰਸ਼ਨ ਪੁੱਛਣ ਲਈ ਰੱਖਿਆ ਸੀ ਜਿਸ ਵਿਸ਼ੇ ਉੱਤੇ ਜੋ ਮਰਜ਼ੀ ਸਵਾਲ ਪੁੱਛੋ। ਉਨ੍ਹਾਂ ਮੈਨੂੰ ਹਿਸਟਰੀ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ, ਰੋਟਰਐਕਟ ਕਲੱਬ ਦਾ ਮੈਂਬਰ ਬਣਾਇਆ; ਸਟੇਜ ਉੱਤੇ ਬੋਲਣ ਲਈ ਭਰਵਾਂ ਉਤਸ਼ਾਹ ਦਿੱਤਾ। ‘‘ਸਟੇਜ ਤੋਂ ਬੋਲਦੇ ਵਕਤ ਸਾਹਮਣੇ ਬੈਠੇ ਲੋਕਾਂ ਵੱਲ ਨਜ਼ਰ ਗੱਡ ਕੇ ਨਾ ਦੇਖੋ। ਉਪਰੋਂ ਦੂਰ ਪਾਰ ਦੇਖਦੇ ਇਹ ਸਮਝੋ, ਸਾਹਮਣੇ ਖ਼ਾਲੀ ਕੁਰਸੀਆਂ ਪਈਆਂ ਹਨ। ਛੋਟੇ ਛੋਟੇ ਬੂਟੇ ਖੜ੍ਹੇ ਹੈਨ।’’ ਇਹੋ ਜਿਹੀ ਹੀ ਸਿੱਖਿਆ, ਸਟੇਜ ਦੇ ਧਨੀ ਮੇਰੇ ਕਵੀਸ਼ਰ ਪਿਤਾ ਪਾਸੋਂ ਮਿਲਦੀ। ਜਦੋਂ ਪਹਿਲੀ ਵਾਰ ਮੈਂ ਹਿਸਟਰੀ ਐਸੋਸੀਏਸ਼ਨ ਵੱਲੋਂ ਕਾਲਜ ਹਾਲ ਵਿਚ ਮਨਾਏ ‘ਸ਼ਹੀਦਾਂ ਦੇ ਦਿਨ’ 30 ਜਨਵਰੀ ਨੂੰ ਪ੍ਰਧਾਨਗੀ ਭਾਸ਼ਨ ਦੇ ਕੇ ਸਟੇਜ ਤੋਂ ਉਤਰਿਆ ਤਾਂ ਪ੍ਰੋ. ਜੋਗੀ ਵੱਲੋਂ ਮਿਲੀ ਸ਼ਾਬਾਸ਼ ਤੇ ਪਾਈ ਨਿੱਘੀ ਜੱਫੀ ਮੈਨੂੰ ਸਟੇਜ ਉੱਤੇ ਬੋਲਣ ਲਈ ਸਦਾ ਉਤਸ਼ਾਹਿਤ ਕਰਦੀ ਰਹੀ ਹੈ। ਉਹ ਦੁਰਲੱਭ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੰਦੇ। ਕਾਲਜ ਮੈਗਜ਼ੀਨ ‘ਸਪਤ ਸਰੋਜ’ ਵਿਚ ਛਪੀਆਂ ਮੇਰੀਆਂ ਦੋ ਰਚਨਾਵਾਂ- ‘ਸੌਂਹ ਬਾਪ ਦੀ’ ਤੇ ‘ਦਾ ਪੈਂਚ’ ਮੇਰੀਆਂ ਪਹਿਲੀਆਂ ਕਹਾਣੀਆਂ ਹਨ। ਇੱਥੋਂ ਦੇ ਮੈਡੀਕਲ, ਨੌਨ ਮੈਡੀਕਲ ਤੇ ਕਾਮਰਸ ਸਟਾਫ਼ ਵੀ ਬੇਹੱਦ ਮਿਹਨਤੀ ਤੇ ਸਿਰੜੀ ਸੀ। ਬੀ.ਏ. ਵਿਚ ਵਾਧੂ ਵਿਸ਼ਾ ਜਨਰਲ ਐਜੂਕੇਸ਼ਨ ਪੜ੍ਹਦਿਆਂ ਸਾਨੂੰ ਕਈ ਪ੍ਰੋਫ਼ੈਸਰਾਂ ਨੇ ਪ੍ਰਭਾਵਿਤ ਕੀਤਾ।
ਧੀਮੀ ਆਵਾਜ਼ ਵਿਚ ਬੜੀ ਹਲੀਮੀ ਨਾਲ ਬੋਲਣ ਵਾਲੇ ਰਾਧੇ ਸ਼ਿਆਮ ਸ਼ਰਮਾ ਦਾ ਬਤੌਰ ਪ੍ਰਿੰਸੀਪਲ ਬੜਾ ਰੋਹਬ ਤੇ ਸਤਿਕਾਰ ਸੀ। ਉਹ ਕਮਾਲ ਦੀ ਅੰਗਰੇਜ਼ੀ ਪੜ੍ਹਾਉਂਦੇ। ਬੀ.ਏ. ਭਾਗ ਪਹਿਲਾ ਵਿਚ ਇਕ ਪੀਰੀਅਡ ਦੌਰਾਨ ਉਨ੍ਹਾਂ ਦੀ ਪੜ੍ਹਾਈ ‘ਟਰੂ ਲਵ’ (ਸੱਚਾ ਪਿਆਰ) ਕਵਿਤਾ ਅੱਜ ਤੱਕ ਨਹੀਂ ਭੁੱਲਦੀ। ਪਰ ਉਹ ਉਸੇ ਸਾਲ ਕਿਸੇ ਡੀ.ਏ.ਵੀ. ਸੰਸਥਾ ਵਿਚ ਚਲੇ ਗਏ। ਉਨ੍ਹਾਂ ਤੋਂ ਬਾਅਦ ਵਾਈਸ ਪ੍ਰਿੰਸੀਪਲ ਤੋਂ ਪ੍ਰਿੰਸੀਪਲ ਬਣੇ ਜੇ.ਐੱਨ. ਸ਼ਰਮਾ ਬੜੇ ਸ਼ੌਕ ਨਾਲ ਰਾਜਨੀਤੀ ਸ਼ਾਸਤਰ ਪੜ੍ਹਾਉਣ ਵਾਲੇ ਚਲਦੀ ਫਿਰਦੀ ਰਾਜਨੀਤੀ ਸਨ। ਕਾਲਜ ਦੇ ਇਨਾਮ ਵੰਡ ਸਮਾਗਮ ਲਈ ਵੀ ਸਿਆਸੀ ਲੀਡਰਾਂ ਨੂੰ ਬੁਲਾਉਂਦੇ, ਲੱਛੇਦਾਰ ਭਾਸ਼ਨ ਕਰਦੇ, ਜਟਕਾ ਬੋਲੀ ਬੋਲਦੇ; ਫਰਾਟੇ ਛੱਡਦੇ।
‘‘ਲਉ ਬਈ ਮੈਂ ਆਹ ਇਕੋ ਮੰਗ ਆਪਣੇ ਜਾਣ ਵਾਲੇ ਵਿਦਿਆਰਥੀਆਂ ਤੋਂ ਮੰਗਣ ਲੱਗਿਆ ਹਾਂ। ਉਹ ਹੈ: ਐਤਕੀ ਦੀ ਸਕਿਓਰਟੀ ਤੁਸੀਂ ਕਾਲਜ ਲਈ ਛੱਡ ਜਾਓ।’’ ਸਕਿਓਰਟੀ ਜੋ 40 ਜਾਂ 60 ਰੁਪਏ ਹੁੰਦੀ, ਗ਼ਰੀਬ ਵਿਦਿਆਰਥੀਆਂ ਲਈ ਵੱਡੀ ਰਕਮ ਹੋਣ ਕਰਕੇ ਅਗਲੇ ਸਾਲ ਉਨ੍ਹਾਂ ਦੀਆਂ ਨਿੱਕੀਆਂ ਮੋਟੀਆਂ ਲੋੜਾਂ ਪੂਰਨ ਦੇ ਅਰਥ ਲੱਗਦੀ।
ਸੋ ‘‘ਨਹੀਂ! ਨਹੀਂ!! ਨਹੀਂ!!!’’ ਦੀਆਂ ਆਵਾਜ਼ਾਂ ਸਾਰੇ ਪੰਡਾਲ ਵਿਚੋਂ ਗੂੰਜੀਆਂ।
‘‘ਸ਼ਾਬਾਸ਼! ਹੱਥ ਖੜ੍ਹੇ ਕਰ ਕੇ ਮੇਰੀ ਮੰਗ ਤੁਸੀਂ ਪਰਵਾਨ ਕੀਤੀ। ਸਭਨਾਂ ਦਾ ਬਹੁਤ ਬਹੁਤ ਧੰਨਵਾਦ!’’ ਪ੍ਰਿੰਸੀਪਲ ਸਾਹਿਬ ਨੇ ‘ਨਹੀਂ ਨਹੀਂ’ ਦੀਆਂ ਆਵਾਜ਼ਾਂ ਦੇ ਚਲਦਿਆਂ ਹੀ ਮਾਈਕ ਤੋਂ ‘ਹਾਂ ਹਾਂ’ ਦਾ ਐਲਾਨ ਕਰ ਦਿੱਤਾ।
ਏ.ਐੱਸ. ਕਾਲਜ ਖੰਨਾ ਦੇ ਸਟਾਫ ਦੀ ਖ਼ਾਸ ਖ਼ੂਬੀ ਵਾਦ ਵਿਵਾਦ ਤੋਂ ਮੁਕਤ ਹੋਣ ਬਾਰੇ ਮੈਂ ਜ਼ਿਕਰ ਕਰ ਚੁੱਕਾ ਹਾਂ। ਕਿਸੇ ਵਿਸ਼ੇਸ਼ ਫ਼ਿਰਕੇ, ਜਾਤ, ਧਰਮ ਦਾ ਕੋਈ ਵੀ ਬੁਲਾਰਾ ਨਹੀਂ ਸੀ। ਹਾਲਾਂਕਿ ਉਹ ਲਾਲ ਲਹਿਰ ਦਾ ਜ਼ਮਾਨਾ ਸੀ। ਸ਼ਾਇਦ 1971 ਵਿਚ ਇਕ ਦੋ ਪ੍ਰੋਫੈਸਰਾਂ ਦੀ ਗੁਪਤ ਸ਼ਹਿ ਨਾਲ ਹੜਤਾਲ ਜ਼ਰੂਰ ਹੋਈ ਸੀ। ਮੁੱਖ ਜਲੂਸ ਸਿੱਧਾ ਖੰਨੇ ਵੱਲ ਨੂੰ ਲੰਘ ਗਿਆ ਜਿੱਥੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਸਾਡੀ ਪੇਂਡੂ ਟੋਲੀ ਭੱਟੀਆਂ ਦੇ ਇਕ ਵਿਦਿਆਰਥੀ ਲੀਡਰ ਪਿੱਛੇ ਲੱਗੀ ਖੇਤਾਂ ਦੇ ਰਾਹ ਰਸਤਿਆਂ ਰਾਹੀਂ ਰੇਲਵੇ ਸਟੇਸ਼ਨ ਨੇੜੇ ਜਾ ਪਹੁੰਚੀ।
‘‘ਸਾਥੀਓ! ਹੁਣ ਅਸੀਂ ਰੇਲਵੇ ਲਾਈਨ ਉਖਾੜਾਂਗੇ!’’ ਲੀਡਰ ਦਾ ਇਹ ਬਿਆਨ ਸੁਣ ਕੇ ਸਾਡਾ ਸਾਰਾ ਇਨਕਲਾਬੀ ਟੋਲਾ ਖਿੰਡ ਪੁੰਡ ਗਿਆ। ਮੈਂ ਤੇ ਮੇਰੇ ਸਾਥੀ ਡਰਦੇ ‘ਹਰਿ ਹਰਿ’ ਕਰਦੇ, ਪਿਛਲਖੁਰੀ ਮੁੜੇ ਤੇ ਆਪਣੇ ਪਿੰਡ ਆ ਵੜੇ। ਸਿਆਸਤ ਕਰਨ ਲਈ ਨਿੱਗਰ ਪਿਛੋਕੜ ਦੀ ਜ਼ਰੂਰਤ ਸੀ। ਇਹ ਸਾਡੇ ਵਰਗੇ ਮਾਇਕ ਪੱਖ ਤੋਂ ਭੁਰੇ ਹੋਏ ਪਾੜ੍ਹਿਆਂ ਦੇ ਵੱਸ ਦੀ ਖੇਡ ਨਹੀਂ ਸੀ ਜਿਨ੍ਹਾਂ ਨੂੰ ਹਰ ਪਲ ਆਪਣੇ ਮੁਸ਼ੱਕਤੀ ਮਾਪੇ ਦਿਖਾਈ ਦਿੰਦੇ ਰਹਿੰਦੇ। ਖ਼ੈਰ! ਹੜਤਾਲੀ ਲੀਡਰਾਂ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਕਈਆਂ ਦੀ ਪੜ੍ਹਾਈ ਛੁੱਟ ਗਈ। ਦੋ ਤਿੰਨ ਨੇ ਪੰਜਾਬੋਂ ਬਾਹਰਲੇ ਕਾਲਜਾਂ ਤੋਂ ਸ਼ਾਇਦ ਅੱਧੀ ਅਧੂਰੀ ਬੀ.ਏ. ਕੀਤੀ, ਇਲਮ ਨਹੀਂ।
ਇੱਥੋਂ ਨੇੜਲਾ ਮੇਰਾ ਪਿੰਡ ਸੇਹ ਅਧਿਆਪਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ। ਪੰਜਾਹਵਿਆਂ ਵਿਚ ਇੱਥੋਂ ਦੇ ਬਹੁਗਿਣਤੀ ਮਹਾਜਨ ਮਾਸਟਰ ਸਨ ਜਾਂ ਦੁਕਾਨਦਾਰ। ਏ.ਐੱਸ. ਕਾਲਜ ਦਾ ਤਿੰਨ ਐਮ.ਏ. ਪਾਸ ਉੱਘਾ ਪ੍ਰੋਫੈਸਰ ਤੇ ਪ੍ਰਿੰਸੀਪਲ ਪੀ.ਐੱਲ. ਰਤਨ ਵੀ ਸੇਹ ਤੋਂ ਹੀ ਮਾਸਟਰ ਸ਼ਾਦੀ ਰਾਮ ਦਾ ਸਪੁੱਤਰ ਸੀ। ਅਧਿਆਪਕ ਬਣਨ ਦੀ ਜਿਵੇਂ ਸਾਡੇ ਰੀਸ ਚਲਦੀ। ਮੈਂ ਵੀ ਦਸ ਜਮਾਤਾਂ ਪਾਸ ਕਰ ਕੇ ਟੀਚਰ ਬਣ ਜਾਵਾਂ। ਸੋ ਮਾਸਟਰਾਂ ਦੇ ਮਿੱਤਰ ਮੇਰੇ ਪਿਤਾ ਨੇ ਪਹਿਲੀ ਦੂਜੀ ਤੋਂ ਹੀ ਮੇਰੇ ਮਨ ਵਿਚ ਇਹ ਗੱਲ ਵਸਾ ਦਿੱਤੀ। ਪਰ 1968 ਵਿਚ ਜਦੋਂ ਮੈਂ ਦਸਵੀਂ ਕੀਤੀ ਤਾਂ ਸਾਡੇ ਇਲਾਕੇ ਵਿਚ ਬਹਿਲੋਲਪੁਰ ਚਲਦਾ ਜੇ.ਬੀ.ਟੀ. ਸੈਂਟਰ ਬੰਦ ਹੋ ਗਿਆ। ਬਾਪੂ ਨੇ ਮਾਸਟਰ ਜੋਗਿੰਦਰ ਸਿੰਘ ਨੂੰ ਨਾਲ ਲਿਆ ਅਤੇ ਮੈਨੂੰ ਏ.ਐੱਸ. ਕਾਲਜ ਵਿਖੇ ਦਾਖ਼ਲ ਕਰਵਾ ਦਿੱਤਾ।
ਜੇਕਰ ਬਹਿਲੋਲਪੁਰ ਜੇ.ਬੀ.ਟੀ. ਕੋਰਸ ਜਾਰੀ ਰਹਿੰਦਾ, ਮੈਂ ਪ੍ਰਾਇਮਰੀ ਟੀਚਰ ਬਣ ਜਾਣਾ ਸੀ। ਫੇਰ ਏ.ਐੱਸ. ਕਾਲਜ ਖੰਨਾ ਤੋਂ ਬੀ.ਏ. ਕਿਸ ਨੇ ਕਰਨੀ ਸੀ। ਸ਼ਾਇਦ ਐਮ.ਏ. ਕਰਨ ਵਾਲਾ ਸਬੱਬ ਵੀ ਨਾ ਬਣਦਾ। ਏ.ਐੱਸ. ਕਾਲਜ ਖੰਨਾ ਤੋਂ ਬਗੈਰ ਮੇਰੇ ਪ੍ਰੇਰਨਾ ਸਰੋਤ ਪ੍ਰੋ. ਐੱਸ.ਕੇ. ਸ਼ਰਮਾ ਨੇ ਕਿੱਥੇ ਮਿਲਣਾ ਸੀ। ਇੱਥੇ ਪੜ੍ਹੇ ਅਨੇਕ ਵਿਦਿਆਰਥੀਆਂ ਨੇ ਦੇਸ਼ ਵਿਦੇਸ਼ ਵਿਚ ਵੱਖੋ ਵੱਖ ਖੇਤਰਾਂ ਵਿਚ ਵਿਸ਼ੇਸ਼ ਨਾਮਣਾ ਖੱਟਿਆ ਹੈ। ਸੋ ਇਹ ਵਿੱਦਿਆ ਮੰਦਰ ਜੇ ਇੱਥੇ ਨਾ ਹੁੰਦਾ, ਮੇਰੇ ਪਿੰਡ ਦੇ ਹੀ ਨਹੀਂ, ਦੂਰ-ਦੁਰਾਡੇ ਪਿੰਡਾਂ ਤੋਂ ਆ ਕੇ ਇੱਥੇ ਪੜ੍ਹਦੇ ਰਹੇ ਕਿੰਨੇ ਹੋਰ ਮੁੰਡੇ ਕੁੜੀਆਂ ਉੱਚ ਡਿਗਰੀਆਂ ਲੈ ਕੇ ਕਦੇ ਵੀ ਪ੍ਰੋਫੈਸਰ/ਡਾਕਟਰ/ਅਧਿਆਪਕ/ਉੱਚ ਅਫ਼ਸਰ ਨਾ ਲੱਗ ਸਕਦੇ। ਸੱਚ ਇਕ ਨਿੱਜੀ ਗੱਲ ਹੋਰ! ਜੇ ਮੈਂ ਇਸ ਸੰਸਥਾ ਵਿਚ ਨਾ ਪੜ੍ਹਦਾ, ਮੈਨੂੰ ਦਰਸ਼ਨ ਸਿੰਘ ਬੁੱਲੇਪੁਰ ਵਰਗੇ ਜਿਗਰੀ ਯਾਰ ਨੇ ਕਿੱਥੋਂ ਲੱਭਣਾ ਸੀ ਜਿਸ ਨੇ ਸੁਖਦੇਵ ਕੌਰ ਨਾਲ ਮੇਰਾ ਰਿਸ਼ਤਾ ਗੰਢਣ ਵਿਚ ਮੋਹਰੀ ਭੂਮਿਕਾ ਨਿਭਾਈ। ਉਹ ਜੀਵਨ ਸਾਥਣ ਸੁਖਦੇਵ ਜਿਸ ਨੇ ਮੇਰੇ ਖਾਨਦਾਨ ਦੀ ਕਾਇਆ ਕਲਪ ਕਰ ਦਿੱਤੀ।
ਸੰਪਰਕ: 82849-09596
Related Keywords
India
,
Russia
,
Ludhiana
,
Punjab
,
Joginder Singh
,
Nair Temple
,
College Khanna
,
College Ten Pm
,
College Ludhiana
,
College Principal Sharma
,
Or Act Club
,
Library Out Bramble
,
I College Out First
,
Pre University
,
Aceh College
,
Tram Library
,
College Magazine
,
I History Association
,
I History Association College Hall
,
Avatar Singh
,
Bout First
,
Hans State
,
Professor Nair September
,
Professor Temple
,
Sat Sri Akaal
,
Professor Nair
,
Gold Best
,
Library Out
,
College Out First
,
Professor Nair Temple
,
English Punjabi
,
Village Lisa
,
Professor Tarsem State
,
Ata Active
,
Sharma Ludhiana
,
Saxena Urdu
,
History Kashmiri
,
History Association
,
History Association College Hall
,
Vice Principal
,
Principal Temple
,
Railway Station
,
College Out
,
இந்தியா
,
ரஷ்யா
,
லூதியானா
,
பஞ்சாப்
,
ஜோகிந்தர் சிங்
,
கல்லூரி கண்ணா
,
கல்லூரி லூதியானா
,
பிரே பல்கலைக்கழகம்
,
கல்லூரி பத்திரிகை
,
அவதாரம் சிங்
,
ஔட் முதல்
,
ப்ரொஃபெஸர் கோயில்
,
ப்ரொஃபெஸர் நாயர்
,
பழையது சிறந்தது
,
வரலாறு சங்கம்
,
துணை ப்ரிந்ஸிபல்
,
ப்ரிந்ஸிபல் கோயில்
,
ரயில்வே நிலையம்
,
comparemela.com © 2020. All Rights Reserved.