comparemela.com


ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਇਕ ਕੈਮਰਾ-ਕਲਿਕ ਤੁਹਾਡਾ ਨਜ਼ਰੀਆ ਬਦਲ ਦਿੰਦਾ ਹੈ! ... ਅਫ਼ਗਾਨਿਸਤਾਨ ਦੇ ਸ਼ਹਿਰ ਸਪਿੱਨ ਬੋਲਡਕ ਤੋਂ ਆਈ ਖ਼ਬਰ ਨੇ ਉਦਾਸ ਕਰ ਦਿੱਤਾ। ਖ਼ਬਰ ਏਜੰਸੀ ‘ਰਾਇਟਰਜ਼’ ਦਾ ਫੋਟੋਗ੍ਰਾਫਰ ਦਾਨਿਸ਼ ਸਿਦੀਕੀ ਕੰਧਾਰ ਨੇੜੇ ਬੋਲਡਕ ਸ਼ਹਿਰ ਦੇ ਬਾਜ਼ਾਰ ਵਿਚ ਅਫ਼ਗਾਨ ਫੌਜ ਅਤੇ ਤਾਲਿਬਾਨ ਦਰਮਿਆਨ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ।
32 ਵਰ੍ਹਿਆਂ ਦਾ ਦਾਨਿਸ਼ ਸਿਦੀਕੀ ਆਪਣੀ ਉਮਰ ਤੋਂ ਕਿਤੇ ਵੱਡਾ ਫੋਟੋਗ੍ਰਾਫਰ ਹੋ ਨਿੱਬੜਿਆ। ਉਸ ਨੇ ਜ਼ਿੰਦਗੀ ਦੇ ਉਨ੍ਹਾਂ ਪਲਾਂ ਨੂੰ ਆਪਣੀ ਫੋਟੋਗ੍ਰਾਫਰੀ ਵਿਚ ਜੀਵੰਤ ਕੀਤਾ ਜੋ ਸੰਘਰਸ਼, ਦੁੱਖ ਅਤੇ ਬੇਵਸੀ ਦੀ ਅੱਕਾਸੀ ਕਰਦੇ ਸਨ। ਇਹ ਭਾਵੇਂ ਰੋਹਿੰਗਿਆ, ਮਿਆਂਮਾਰ ਜਾਂ ਬੰਗਲਾਦੇਸ਼ ਦਾ ਮੰਜ਼ਰ ਹੋਵੇ, ਭਾਵੇਂ ਅਫ਼ਗਾਨ ਲੜਾਕਿਆਂ ਤੇ ਫੌਜ ਦੀ ਗੋਲਾਬਾਰੀ ਹੋਵੇ, ਨੇਪਾਲ ਦਾ ਭੂਚਾਲ ਹੋਵੇ ਜਾਂ ਇਰਾਕ ਦੀ ਲੜਾਈ; ਉਹ ਹਰ ਉਸ ਥਾਂ ’ਤੇ ਜਾਂਦਾ ਸੀ। ਦਿੱਲੀ ਦੰਗਿਆਂ ਦੀਆਂ ਤਸਵੀਰਾਂ ਉਸ ਦੀ ਪ੍ਰਾਪਤੀ ਹੋ ਨਿੱਬੜੀਆਂ ਸਨ।
ਦਾਨਿਸ਼ ਸਿੱਦੀਕੀ ਮੈਨੂੰ 2008 ਵਿਚ ਪਹਿਲੀ ਵਾਰੀ ਮਿਲਿਆ ਸੀ। ਮੈਂ ਉਦੋਂ ਟੈਲੀਵਿਜ਼ਨ ਵਾਸਤੇ ਇਕ ਲੈਕਚਰ ਲਈ ਜਾਮੀਆ ਮਿਲੀਆ, ਦਿੱਲੀ ਗਿਆ ਸੀ। ਉਹ ਉਥੇ ਪੱਤਰਕਾਰੀ ਦਾ ਵਿਦਿਆਰਥੀ ਸੀ। ਫੋਟੋਗ੍ਰਾਫਰੀ ਦੇ ਨੁਕਤਿਆਂ ਬਾਰੇ ਉਸ ਦੀ ਗਹਿਰੀ ਰੁਚੀ ਸੀ। ਫਿਰ ਉਸ ਨਾਲ ਸੰਪਰਕ ਬਣਿਆ ਰਿਹਾ। ਉਹ ਆਪਣੀ ਗੱਲਬਾਤ ਅਤੇ ਕੰਮ ਵਿਚ ਬੇਬਾਕ ਅਤੇ ਹੌਸਲੇ ਨਾਲ ਨਾਲ ਅਗਾਂਹ ਕਦਮ ਧਰ ਰਿਹਾ ਸੀ। ਉਹ ਖੁੱਲ੍ਹੇ ਮਨ ਅਤੇ ਖੁੱਲ੍ਹੀਆਂ ਅੱਖਾਂ ਨਾਲ ਕੈਮਰਾ ਕਲਿਕ ਕਰਨ ਵਾਲਾ ਪੱਤਰਕਾਰ ਸੀ, ਜਿਹੜਾ ਹਰ ਉਹ ਪਲ ਸੰਭਾਲਣਾ ਚਾਹੁੰਦਾ ਸੀ ਜਿੱਥੇ ਜ਼ਿੰਦਗੀ ਧੜਕਦੀ ਸੀ, ਇਹ ਭਾਵੇਂ ਦੁਨੀਆ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ!
ਆਪਣੀ ਫੋਟੋਗ੍ਰਾਫੀ ਬਾਰੇ ਉਸ ਨੇ ਇਕ ਮੁਲਾਕਾਤ ਦੌਰਾਨ ਕਿਹਾ ਸੀ, ‘‘ਮੈਂ ਉਸ ਆਦਮੀ ਲਈ ਫੋਟੋ ਖਿੱਚਦਾ ਹਾਂ ਜਿਸ ਨੂੰ ਉਹ ਆਪਣੇ ਪੈਰਾਂ ਨਾਲ ਨਹੀਂ ਛੋਹ ਸਕਦਾ, ਜਿੱਥੇ ਉਹ ਖੁ਼ਦ ਨਹੀਂ ਜਾ ਸਕਦਾ ਹੈ।” ਆਪਣੀ ਫੋਟੋਗ੍ਰਾਫੀ ਲਈ ਉਹ ਰੱਬ ਦੀ ਇਬਾਦਤ ਵਾਂਗ ਵਿਚਰਦਾ ਸੀ। ਅਸਲ ਵਿਚ ਉਹ ਬੇਹੱਦ ਜਨੂਨੀ ਲੜਕਾ ਸੀ। ਉਹ ਸਦਾ ਕਹਿੰਦਾ ਹੁੰਦਾ ਸੀ ਕਿ ਉਹ ਦੁਨੀਆ ਤੋਂ ਕੁਝ ਹਟ ਕੇ ਕਰਨਾ ਚਾਹੁੰਦਾ ਹੈ; ਉਹ ਅਜਿਹੀਆਂ ਫੋਟੋਆਂ ਇਕੱਠੀਆਂ ਕਰਨਾ ਚਾਹੁੰਦਾ ਹੈ ਜਿਸ ਨੂੰ ਸਦੀਆਂ ਤਕ ਨਜ਼ੀਰ ਵਾਂਗ ਦੇਖਿਆ ਤੇ ਯਾਦ ਕੀਤਾ ਜਾਵੇ।
ਸਾਡੇ ਟੈਲੀਵਿਜ਼ਨ ਦੇ ਪੱਤਰਕਾਰ ਵਜੋਂ ਕਰੀਅਰ ਸ਼ੁਰੂ ਕਰਨ ਵਾਲਾ ਦਾਨਿਸ਼ ਫੋਟੋਗ੍ਰਾਫਰ ਕਦੋਂ ਬਣਿਆ, ਉਸ ਦੇ ਜਨੂਨ ਵਿਚ ਇਹ ਸ਼ਾਮਲ ਰਿਹਾ ਤੇ ਸੱਚ ਤਾਂ ਇਹੀ ਹੈ ਕਿ ਇਹ ਜਨੂਨ ਹੀ ਉਸ ਦੀ ਜਾਨ ਲੈ ਗਿਆ। 2010 ਵਿਚ ਉਸ ਨੇ ਖ਼ਬਰ ਏਜੰਸੀ ‘ਰਾਇਟਰਜ਼’ ਵਿਚ ਨੌਕਰੀ ਸ਼ੁਰੂ ਕੀਤੀ। ਉਸ ਨੂੰ ਬਿਹਤਰੀਨ ਫੋਟੋਆਂ ਬਦਲੇ ਦੁਨੀਆ ਦਾ ਵੱਕਾਰੀ ਪੱਤਰਕਾਰੀ ਐਵਾਰਡ ਪੁਲਿਟਜ਼ਰ ਵੀ ਦਿੱਤਾ ਗਿਆ।
ਕੰਧਾਰ ਵਿਚ ਦੋ ਧਿਰਾਂ ਦੀ ਗੋਲੀਬਾਰੀ ਦੌਰਾਨ ਉਸ ਨੇ ਮੌਤ ਨੂੰ ਬਹੁਤ ਨੇੜਿਓਂ ਦੇਖਿਆ। ਪਹਿਲੇ ਦਿਨ ਉਸ ਦੀ ਬਾਂਹ ਵਿਚ ਗੋਲੀ ਲੱਗੀ ਸੀ। ਉਹ ਅਫ਼ਗਾਨ ਫੌਜਾਂ ਦੀ ਨਿਗਰਾਨੀ ਵਿਚ ਸੀ ਪਰ ਬਾਅਦ ਵਿਚ ਇਕ ਹੋਰ ਹਮਲੇ ਵਿਚ ਉਸ ਦੀ ਮੌਤ ਹੋ ਗਈ। ਉਥੇ ਉਸ ਨੇ ਬਿਹਤਰੀਨ ਫੋਟੋਆਂ ਖਿੱਚੀਆਂ। ਇਹ ਪਾਕਿਸਤਾਨ-ਅਫ਼ਗਾਨ ਸੀਮਾ ਦੇ ਨੇੜੇ ਹੀ ਹੈ।
ਪਿਛਲੇ ਕੁਝ ਦਿਨਾਂ ਤੋਂ ਉਹ ਟਵਿੱਟਰ ਤੋਂ ਅਫ਼ਗਾਨਿਸਤਾਨ ਬਾਰੇ ਫੋਟੋਆਂ ਅਤੇ ਸੂਚਨਾਵਾਂ ਭੇਜ ਰਹੇ ਸਨ। ਦਾਨਿਸ਼ ਦੀਆਂ ਅੰਤਿਮ ਤਸਵੀਰਾਂ ਵਿਚ ਅਫ਼ਗਾਨ ਫੌਜ ਅਤੇ ਤਾਲਿਬਾਨ ਦੀਆਂ ਝੜਪਾਂ ਦਿਖਾਈ ਦਿੰਦੀਆਂ ਹਨ। ਇਹ ਸਿਦੀਕੀ ਹੀ ਸੀ ਜਿਸ ਨੇ ਦਿੱਲੀ ਅੰਦੋਲਨ, ਕਿਸਾਨ ਅੰਦੋਲਨ ਅਤੇ ਕੋਵਿਡ-19 ਦੌਰਾਨ ਸਮੂਹਿਕ ਸਸਕਾਰ ਦੀਆਂ ਫੋਟੋਆਂ ਲਈਆਂ। ਕੋਵਿਡ-19 ਬਾਰੇ ਉਹਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਅਤੇ ਸੰਸਾਰ ਭਰ ਵਿਚ ਦੇਖੀਆਂ ਗਈਆਂ। ਇਸ ਨੇ ਕੋਵਿਡ ਬਾਰੇ ਸਰਕਾਰੀ ਨੀਤੀ ਦੀ ਪੋਲ ਖੋਲ੍ਹ ਦਿੱਤੀ।
ਇਕ ਵਾਰੀ ਮੈਂ ਦਾਨਿਸ਼ ਤੋਂ ਪੁੱਛਿਆ, ‘‘ਮੌਤ ਤੋਂ ਡਰ ਨਹੀਂ ਲਗਦਾ?’’ ਹੱਸ ਕੇ ਕਹਿਣ ਲੱਗਾ, ‘‘ਮੌਤ, ਇਕ ਦਿਨ ਤਾਂ ਆਏਗੀ ਹੀ।’’
ਹੁਣ ਮੇਰੇ ਸਾਹਮਣੇ ਦਾਨਿਸ਼ ਦੀਆਂ ਖਿੱਚੀਆਂ ਤਸਵੀਰਾਂ ਹਨ। ਇੰਟਰਨੈੱਟ ’ਤੇ ਦੁਨੀਆ ਭਰ ਦੇ ਲੋਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸਣਾ ਜ਼ਰੂਰੀ ਹੈ ਕਿ ਇਕ ਰਿਪੋਰਟ ਵਿਚ ਪੱਤਰਕਾਰੀ ਦੇ ਖੇਤਰ ਵਿਚ ਪੱਤਰਕਾਰਾਂ ਦੀ ਮੌਤ ਬਾਰੇ ਖੁਲਾਸਾ ਕਰਦਿਆਂ ਹੋਇਆਂ ਜਾਣਕਾਰੀ ਦਿੱਤੀ ਗਈ ਹੈ ਕਿ 2018 ਤੋਂ 2021 ਦੌਰਾਨ ਅਫ਼ਗਾਿਨਸਤਾਨ ਵਿਚ ਪੱਤਰਕਾਰੀ ਕਰਦਿਆਂ 33 ਪੱਤਰਕਾਰਾਂ ਦੀ ਮੌਤ ਹੋੋਈ ਹੈ। ਇਸਲਾਮੀ ਦੇਸ਼ਾਂ ਵਿਚ ਮੀਡੀਆ ਏਜੰਸੀ ਚਲਾ ਰਹੇ ਮੋਬੀ ਏਜੰਸੀ ਦੇ ਸੀਈਓ ਸਾਦ ਮੋਹਸਿਨੀ ਕਹਿੰਦੇ ਹਨ, ‘‘ਉਹ (ਦਾਨਿਸ਼ ਸਿਦੀਕੀ) ਬੇਹੱਦ ਤੇਜ਼-ਤਰਾਰ ਅਤੇ ਜਾਨ ਤਲੀ ’ਤੇ ਰੱਖ ਕੇ ਫੋਟੋਗ੍ਰਾਫ਼ੀ ਕਰਦਾ ਸੀ। ਇਕ ਵਾਰੀ ਖਾੜੀ ਯੁੱਧ ਵਿਚ ਵੀ ਉਹ ਵਾਲ ਵਾਲ ਬਚਿਆ ਸੀ।
ਦਾਨਿਸ਼ ਆਪਣੀਆਂ ਬੋਲਦੀਆਂ ਤਸਵੀਰਾਂ/ਫੋਟੋਆਂ ਨਾਲ ਹਮੇਸ਼ਾ ਯਾਦ ਰਹੇਗਾ। ਅੱਜ ਦੀ ਪੱਤਰਕਾਰੀ ਵਿਚ ਵਿਜੂਅਲ ਤੇ ਫੋਟੋਗ੍ਰਾਫੀ ਦਾ ਅਹਿਮ ਰੋਲ ਹੈ। ਦਾਨਿਸ਼ ਸਿਦੀਕੀ ਵਰਗੇ ਜਿਊੜੇ, ਪੱਤਰਕਾਰੀ ਦੀ ਉਸ ਮਸ਼ਾਲ ਜਗਾਈ ਰੱਖਣਗੇ ਜੋ ਅਫ਼ਰੀਕਾ ਅਤੇ ਹੋਰਨਾਂ ਦੇਸ਼ਾਂ ਵਿਚ ਪੱਤਰਕਾਰ ਔਖੈ ਹਾਲਾ ਵਿਚ ਨਿਭਾਅ ਰਹੇ ਹਨ। ‘ਬਿਯੌਂਡ ਬਾਰਡਰ’ ਨੇ ਕਿਹਾ ਹੈ ਕਿ ਪੱਤਰਕਾਰ ਮਰ ਰਹੇ ਹਨ ਪਰ ਸਮਾਜ ਨੂੰ ਜੋ ਚਿਹਰੇ ਦਿਖਾ ਰਹੇ ਹਨ, ਉਹ ਸਮਾਜ ਦਾ ਇਤਿਹਾਸ ਬਣ ਗਏ ਹਨ।
ਅਲਵਿਦਾ ਦਾਨਿਸ਼! ਤੂੰ ਹਮੇਸ਼ਾ ਯਾਦਾਂ ਵਿਚ ਜ਼ਿੰਦਾ ਰਹੇਗਾ।
ਸੰਪਰਕ: 94787-30156

Related Keywords

Bangladesh ,Afghanistan ,Iraq ,Delhi ,India ,Nepal ,Krishna Kumar , ,Krishna Kumar Pro ,City Market ,Myanmar Or Bangladesh ,Career Start ,Her Best ,Twitter Afghanistan ,பங்களாதேஷ் ,இராக் ,டெல்ஹி ,இந்தியா ,நேபால் ,கிருஷ்ணா குமார் ,நகரம் சந்தை ,தொழில் தொடங்கு ,அவள் சிறந்தது ,

© 2025 Vimarsana

comparemela.com © 2020. All Rights Reserved.